ਆੱਲ ਇੰਡੀਆ ਮਜਲਿਸ–ਏ–ਇਤਿਹਾਦੁਲ ਮੁਸਲਮੀਨ (AIMIM) ਦੇ ਮੁਖੀ ਅਸਦ–ਉਦ–ਦੀਨ ਓਵੈਸੀ ਦੀ ਸਟੇਜ ਤੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣ ਵਾਲੀ ਲੜਕੀ ਵਿਰੁੱਧ ਦੇਸ਼–ਧਰੋਹ ਦਾ ਕੇਸ ਦਰਜ ਕਰ ਲਿਆ ਗਿਆ ਹੈ। ਸ੍ਰੀ ਓਵੈਸੀ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਸਟੇਜ ’ਤੇ ਸੰਬੋਧਨ ਕਰ ਰਹੇ ਸਨ। ਨਾਅਰੇ ਲਾਉਣ ਵਾਲੀ ਪ੍ਰਦਰਸ਼ਨਕਾਰੀ ਕੁੜੀ ਦਾਨਾਂਅ ਅਮੂਲਿਆ ਲਿਓਨਾ ਹੈ।
ਅਮੂਲਿਆ ਤੋਂ ਬੈਂਗਲੁਰੂ ਪੁਲਿਸ ਪੁੱਛਗਿੱਛ ਕਰੇਗੀ। ਅੱਜ ਅਦਾਲਤ ਨੇ ਅਮੂਲਿਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।
ਕੱਲ੍ਹ ਵੀਰਵਾਰ ਨੂੰ ਅਮੂਲਿਆ ਨੇ ਅਚਾਨਕ ਹੀ ਮੰਚ ਤੋਂ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਬੈਂਗਲੁਰੂ ਦੇ ਫ਼੍ਰੀਡਮ ਪਾਰਕ ’ਚ CAA ਵਿਰੁੱਧ ਇੱਕ ਰੈਲੀ ਨੂੰ ਸ੍ਰੀ ਅਸਦ–ਉਦ–ਦੀਨ ਓਵੈਸੀ ਸੰਬੋਧਨ ਕਰ ਰਹੇ ਸਨ।
ਅਮੂਲਿਆ ਲਿਓਨਾ ਤਦ ਸਟੇਜ ’ਤੇ ਪੁੱਜੀ ਅਤੇ ਫਿਰ ਹੱਥ ’ਚ ਮਾਈਕ ਫੜ ਕੇ ਨਾਅਰੇ ਲਾਉਣ ਲੱਗੀ। ਤਦ ਸ੍ਰੀ ਓਵੈਸੀ ਵੀ ਸਟੇਜ ’ਤੇ ਹੀ ਸਨ ਤੇ ਉਨ੍ਹਾਂ ਤੁਰੰਤ ਉਸ ਕੁੜੀ ਦਾ ਵਿਰੋਧ ਕੀਤਾ।
ਸ੍ਰੀ ਓਵੈਸੀ ਨੇ ਤੁਰੰਤ ਉਸ ਕੁੜੀ ਨੂੰ ਝਿੜਕ ਕੇ ਚੁੱਪ ਕਰਵਾਇਆ। ਫਿਰ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਇੱਥੇ ਅਜਿਹੇ ਲੋਕ ਆਏ ਹਨ, ਤਦ ਉਹ ਕਦੇ ਵੀ ਇੱਥੇ ਨਾ ਆਉਂਦੇ। ਉਨ੍ਹਾਂ ਕਿਹਾ ਕਿ ਅਸੀਂ ਪਾਕਿਸਤਾਨ ਦੇ ਵਿਰੁੱਧ ਹਾਂ। ਪਾਕਿਸਤਾਨ ਮੁਰਦਾਬਾਦ ਹੈ; ਇਸ ਲਈ ਉਨ੍ਹਾਂ ਲੋਕਾਂ ਤੋਂ ਮਾਫ਼ੀ ਵੀ ਮੰਗੀ।
CAA, NRC ਅਤੇ NPR ਵਿਰੁੱਧ ਕਰਨਾਟਕ ਦੇ ਬੈਂਗਲੁਰੂ ਵਿਖੇ ਇੱਕ ਰੈਲੀ ਰੱਖੀ ਗਈ ਸੀ ਤੇ ਅਮੂਲਿਆ ਪਤਾ ਨਹੀਂ ਕਿਵੇਂ ਸਟੇਜ ’ਤੇ ਚੜ੍ਹ ਗਈ। ਬਾਅਦ ’ਚ ਸ੍ਰੀ ਓਵੈਸੀ ਨੇ ਕਿਹਾ ਕਿ ਅਮੂਲਿਆ ਨਾਲ ਉਨ੍ਹਾਂ ਦਾ ਕੋਈ ਲੈਣਾ–ਦੇਣਾ ਨਹੀਂ ਹੈ। ਭਾਰਤ ਸਦਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ।