ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਧਾਂਜਲੀ: ਭਾਰਤੀ ਸਿਆਸਤ `ਚੋਂ ਵਾਜਪੇਈ ਜਿਹੇ ਹਰਮਨਪਿਆਰੇ ਆਗੂ ਲੱਭਣੇ ਹੁਣ ਔਖੇ

ਅਟਲ ਬਿਹਾਰੀ ਵਾਜਪੇਈ

ਸ੍ਰੀ ਅਟਲ ਬਿਹਾਰੀ ਵਾਜਪੇਈ ਪਿਛਲੇ ਇੱਕ ਦਹਾਕੇ ਤੋਂ ਮੌਨ ਸਨ। ਸਮੇਂ ਅਤੇ ਬੀਮਾਰੀ ਦੇ ਕੁਚੱਕਰ ਨੇ ਦੇਸ਼ ਦੀ ਇਸ ਪ੍ਰਮੁੱਖ ਆਵਾਜ਼ ਨੂੰ ਸਾਡੇ ਤੋਂ ਖੋਹ ਲਿਆ ਸੀ ਤੇ ਉਹ ਚੱਲਣ-ਫਿਰਨ ਤੋਂ ਵੀ ਰਹਿ ਗਏ ਸਨ।


ਇੰਝ ਹਾਲਾਤ ਨੇ ਭਾਵੇਂ ਉਨ੍ਹਾਂ ਨੂੰ ਇਕੱਲਿਆਂ ਰਹਿਣ ਲਈ ਮਜਬੂਰ ਕਰ ਦਿੱਤਾ ਸੀ ਪਰ ਭਾਰਤੀ ਸਿਆਸਤ ਦਾ ਅਜਿਹਾ ਕੋਈ ਵੀ ਛਿਣ ਨਹੀਂ ਸੀ, ਜਦੋਂ ਵਾਜਪੇਈ ਹੁਰਾਂ ਨੂੰ ਚੇਤੇ ਨਾ ਕੀਤਾ ਜਾਂਦਾ ਹੋਵੇ। ਉਨ੍ਹਾਂ ਦੇ ਸ਼ਬਦ ਲੋਕਾਂ ਦੇ ਕੰਨਾਂ `ਚ ਗੂੰਜਦੇ, ਉਨ੍ਹਾਂ ਦੇ ਹਾਸਿਆਂ ਤੋਂ ਬਿਨਾ ਸੈਂਟਰਲ ਹਾਲ ਤੇ ਦਿੱਲੀ ਦੀਆਂ ਸਿਆਸੀ ਮਹਿਫ਼ਲਾਂ ਉਦਾਸ ਜਾਪਦੀਆਂ ਸਨ। ਕੌਣ ਕਹਿੰਦਾ ਹੈ ਕਿ ਉਹ ਮੌਨ ਸਨ? ਕੌਣ ਕਹਿੰਦਾ ਹੈ ਕਿ ਅੱਜ ਉਹ ਚੱਲ ਵਸੇ ਹਨ।


ਰਹਿੰਦੀ ਦੁਨੀਆ ਤੱਕ ਅਟਲ ਰਹੇਗੀ ਵਾਜਪੇਈ ਦੀ ਛਾਪ
1991 ਦੀਆਂ ਗਰਮੀਆਂ ਦਾ ਮੌਸਮ ਸੀ। ਦੇਸ਼ `ਚ ਆਮ ਚੋਣਾਂ ਦਾ ਮਾਹੌਲ ਸੀ। ਵਿਸ਼ਵਨਾਥ ਪ੍ਰਤਾਪ ਸਿੰਘ ਤੇ ਚੰਦਰਸ਼ੇਖਰ ਦੀਆਂ ਖਿਚੜੀ ਸਰਕਾਰਾਂ ਨੇ ਲੋਕਾਂ ਦੇ ਜਮਹੂਰੀ ਸੁਫ਼ਨੇ ਖੇਰੂੰ-ਖੇਰੂੰ ਕਰ ਦਿੱਤੇ ਸਨ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਲੋਕਾਂ ਦੇ ਮਨਾਂ `ਚ ਸੁਆਲ ਸਨ ਕਿ ਕੀ ਰਾਜੀਵ ਗਾਂਧੀ ਪਰਤਣਗੇ ਜਾਂ ਫਿਰ ਖਿਚੜੀ ਸਰਕਾਰ ਬਣੇਗੀ? ਜੇ ਮਿਲੀ-ਜੁਲੀ ਹਕੂਮਤ ਆਉਂਦੀ ਹੈ, ਤਾਂ ਪ੍ਰਧਾਨ ਮੰਤਰੀ ਕੌਣ ਹੋਵੇਗਾ? ਉਨ੍ਹੀਂ ਦਿਨੀਂ ਅਟਲ ਬਿਹਾਰੀ ਵਾਜਪੇਈ ਹੁਰਾਂ ਦੀ ਇੱਕ ਰੈਲੀ ਆਗਰਾ ਦੇ ਸੰਜੇ ਪਲੇਸ `ਚ ਰੱਖੀ ਗਈ ਸੀ। ਮੈਨੂੰ ਯਾਦ ਹੈ, ਉਹ ਕਾਫ਼ੀ ਦੇਰੀ ਨਾਲ ਪੁੱਜੇ ਸਨ ਪਰ ਲੋਕਾਂ ਦੀ ਵੱਡੀ ਭੀੜ ਡਟੀ ਹੋਈ ਸੀ। ਉਨ੍ਹਾਂ ਨੇ ਲਗਭਗ 40 ਮਿੰਟਾਂ ਦੇ ਭਾਸ਼ਣ ਦੌਰਾਨ ਦੇਸ਼ ਤੇ ਦੁਨੀਆ ਦੇ ਮੁੱਦਿਆਂ ਰਾਹੀਂ ਉੱਥੇ ਮੌਜੂਦ ਹਰੇਕ ਵਿਅਕਤੀ ਨੂੰ ਇੰਝ ਜੋੜਿਆ ਕਿ ਤਾੜੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਸਨ।


ਆਮ ਲੋਕਾਂ ਦੀ ਨਬਜ਼ ਪਛਾਣਦੇ ਸਨ ਵਾਜਪੇਈ
ਆਮ ਲੋਕ ਸ੍ਰੀ ਅਟਲ ਬਿਹਾਰੀ ਵਾਜਪੇਈ ਨੂੰ ਪ੍ਰਵਾਨ ਕਰਦੇ ਸਨ। ਸ੍ਰੀ ਵਾਜਪੇਈ ਖ਼ੁਦ ਵੀ ਸਭ ਨੂੰ ਪ੍ਰਵਾਨ ਕਰਦੇ ਸਨ, ਜਿਸ ਕਾਰਨ ਸਾਹਮਣੇ ਵਾਲਾ ਵੀ ਉਨ੍ਹਾਂ ਨੂੰ ਅਪਨਾਉਣ ਲਈ ਮਜਬੂਰ ਹੋ ਜਾਂਦਾ ਸੀ। ਚੇਤੇ ਕਰੋ ਕਿ ਉਨ੍ਹਾਂ ਦੀ ਸਰਕਾਰ `ਚ ਵਿਵਸਥਾ ਦੇ ਪੁਰਾਣੇ ਵਿਰੋਧੀਆਂ ਨੇ ਅਹਿਮ ਮੰਤਰਾਲੇ ਸੰਭਾਲੇ ਤੇ ਬਿਹਤਰੀਨ ਕੰਮ ਕੀਤੇ। ਜਾਰਜ ਫ਼ਰਨਾਂਡੇਜ਼ ਜਿਹੇ ਸਮਾਜਵਾਦੀ ਉਨ੍ਹੀਂ ਦਿਨੀਂ ਐੱਨਡੀਏ ਦੇ ਕਨਵੀਨਰ ਹੁੰਦੇ ਸਨ। ਸਿਆਸਤ ਦੀਆਂ ਤਿੰਨ ਦੇਵੀਆਂ - ਮਾਇਆਵਤੀ, ਮਮਤਾ ਬੈਨਰਜੀ ਤੇ ਜੈਲਲਿਤਾ ਨੂੰ ਇਕੱਠਿਆਂ ਨਾਲ ਲੈ ਕੇ ਚੱਲਣਾ ਸਿਰਫ਼ ਸ੍ਰੀ ਵਾਜਪੇਈ ਦੇ ਵੱਸ ਦਾ ਹੀ ਕੰਮ ਸੀ। ਇੰਝ ਉਹ ਸਾਥੀ ਤੇ ਵਿਰੋਧੀ ਸਾਰੇ ਆਗੂਆਂ ਅਤੇ ਆਮ ਲੋਕਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਪਛਾਣਦੇ ਸਨ।


ਸਭ ਨਾਲ ਬਹੁਤ ਛੇਤੀ ਘੁਲ਼-ਮਿਲ਼ ਜਾਂਦੇ ਸਨ ਵਾਜਪੇਈ
ਸ੍ਰੀ ਵਾਜਪੇਈ ਕਿਸ ਹੱਦ ਤੱਕ ਆਮ ਲੋਕਾਂ ਨਾਲ ਘੁਲ਼-ਮਿਲ਼ ਸਕਦੇ ਸਨ, ਇਹ ਗੱਲ ਸਿਰਫ਼ ਇੱਕ ਮਿਸਾਲ ਰਾਹੀਂ ਸਮਝੀ ਜਾ ਸਕਦੀ ਹੈ। ਬਹੁਤ ਮਿੱਠ-ਬੋਲੜੇ ਵਾਜਪੇਈ ਦੀ ਜਿ਼ਆਦਾਤਰ ਚੁੱਪ ਰਹਿਣ ਵਾਲੇ ਨਰਸਿਮਹਾ ਰਾਓ ਤੇ ਤਿੱਖਾ ਬੋਲਣ ਵਾਲੇ ਚੰਦਰਸ਼ੇਖਰ ਦੋਵਾਂ ਨਾਲ ਬਹੁਤ ਬਣਦੀ ਸੀ। ਸੰਸਦ ਹੋਵੇ ਜਾਂ ਜਨਤਕ ਰੈਲੀਆਂ, ਉੱਥੇ ਉਹ ਇੱਕ-ਦੂਜੇ ਖਿ਼ਲਾਫ਼ ਬੋਲਦੇ ਸਨ ਪਰ ਉਨ੍ਹਾਂ ਦੀ ਬੋਲੀ ਵਿੱਚ ਕੜਵਾਹਟ ਨਹੀਂ ਹੁੰਦੀ ਸੀ। ਇਹ ਤਿੰਨੇ ਹੀ ਪ੍ਰਧਾਨ ਮੰਤਰੀ ਬਣੇ। ਅਜਿਹੀਆਂ ਵਿਲੱਖਣ ਦੋਸਤੀਆਂ ਅਜੋਕੇ ਸਿਆਸੀ ਦ੍ਰਿਸ਼ ਤੋਂ ਪੂਰੀ ਤਰ੍ਹਾਂ ਖ਼ਤਮ ਹੋ ਗਈਆਂ ਹਨ।

ਇਸੇ ਲਈ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪੇਈ ਐਂਵੇਂ ਹੀ ਆਪਣੀ ਲਿਖੀ ਕਵਿਤਾ ਨਹੀਂ ਗਾਉਂਦੇ ਸਨ: ‘ਗੀਤ ਨਯਾ ਗਾਤਾ ਹੂੰ...`

ਅਟਲ ਬਿਹਾਰੀ ਵਾਜਪੇਈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tribute popular leaders like vajpayee are now rare