ਲੋਕ ਸਭਾ ਵਿੱਚ ਤੁਰੰਤ ਤਿੰਨ ਤਲਾਕ ਨੂੰ ਅਪਰਾਧ ਬਣਾਉਣ ਵਾਲਾ ਬਿੱਲ ਵੀਰਵਾਰ ਨੂੰ ਪਾਸ ਹੋ ਗਿਆ। ਇਸ ਬਿੱਲ ਵਿੱਚ ਇਹ ਪ੍ਰਾਵਧਾਨ ਹੈ ਕਿ ਤਰੁੰਤ ਤਿੰਨ ਤਲਾਕ ਦੇਣ ਵਾਲੇ ਪਤੀ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਤੱਕ ਹੋ ਸਕਦੀ ਹੈ।
ਦ ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ਼ ਰਾਈਟਜ਼ ਆਨ ਮੈਰਿਜ) ਬਿੱਲ, 2019, ਜਿਸ ਨੂੰ ਤਿੰਨ ਤਲਾਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਸ ਬਿੱਲ ਦੇ ਕਾਨੂੰਨ ਬਣਨ ਤੋਂ ਪਹਿਲਾਂ ਹੁਣ ਇਸ ਨੂੰ ਰਾਜ ਸਭਾ ਵਿੱਚ ਪਾਸ ਕਰਾਉਣਾ ਹੋਵੇਗਾ।
ਇਸ ਬਿੱਲ ਨੂੰ ਲੋਕ ਸਭਾ ਵਿੱਚ ਨਿਯਮਿਤ ਢੰਗ ਨਾਲ ਪਾਸ ਕੀਤਾ ਗਿਆ। ਬਿੱਲ ਦੇ ਵਿਰੋਧ ਵਿੱਚ ਕਾਂਗਰਸ, ਟੀ.ਐਮ.ਸੀ., ਜੇਡੀਯੂ ਅਤੇ ਬੀਐਸਪੀ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ ਤੋਂ ਵਾਕ ਆਊਟ ਕੀਤਾ।
ਨਵਾਂ ਬਿੱਲ ਆਉਣ ਤੋਂ ਬਾਅਦ ਤਿੰਨ ਤਲਾਕ ਉੱਤੇ ਪਾਬੰਦੀ ਹੈ। ਇਸੇ ਤਰ੍ਹਾਂ ਦਾ ਬਿੱਲ 16ਵੀਂ ਲੋਕ ਸਭਾ ਵਿੱਚ ਬਿੱਲ ਦਾ ਰੂਪ ਨਹੀਂ ਲੈ ਸਕਿਆ ਕਿਉਂਕਿ ਲੋਕ ਸਭਾ ਵਿੱਚ ਪਾਸ ਹੋਣ ਦੇ ਬਾਵਜੂਦ ਰਾਜ ਸਦਨ ਵਿੱਚ ਇਸ ਨੂੰ ਮਨਜ਼ੂਰੀ ਨਹੀਂ ਮਿਲੀ ਸੀ।
ਮਈ 2019 ਨੂੰ ਮੁੜ ਚੋਣਾਂ ਹੋਣ ਤੋਂ ਬਾਅਦ ਇਸ ਸਾਲ ਜੂਨ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਤਲਾਕ ਨੂੰ ਗ਼ੈਰ-ਕਾਨੂੰਨੀ ਬਣਾਉਣ ਲਈ ਫਿਰ ਤੋਂ ਬਿੱਲ ਲੈ ਕੇ ਆਈ।
ਤਿੰਨ ਤਲਾਕ ਉੱਤੇ ਬਿੱਲ ਨੂੰ ਲੋਕ ਸਭਾ ਤੋਂ ਮਨਜ਼ੂਰੀ ਲਈ ਪੇਸ਼ ਕਰਦੇ ਹੋਏ ਕੇਂਦਰੀ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਇਹ ਕਾਨੂੰਨ ਇਸ ਲਈ ਜ਼ਰੂਰੀ ਹੋ ਗਿਆ ਹੈ ਕਿਉਂਕਿ ਦੋ ਸਾਲ ਪਹਿਲਾਂ ਸੁਪਰੀਮ ਕੋਰਟ ਵੱਲੋਂ ਇਸ ਨੂੰ ਗ਼ੈਰ ਕਾਨੂੰਨੀ ਐਲਾਨਣ ਤੋਂ ਬਾਅਦ ਤਿੰਨ ਤਲਾਕ ਦਾ ਸਿਲਸਿਲਾ ਨਹੀਂ ਰੁਕ ਸਕਿਆ।