‘ਤਿੰਨ ਤਲਾਕ ਬਿਲ` ਅੱਜ ਲੋਕ ਸਭਾ `ਚ ਪਾਸਾ ਹੋ ਗਿਆ। ਵੋਟਿੰਗ ਦੌਰਾਨ ਇਸ ਦੇ ਹੱਕ ਵਿੱਚ 245 ਅਤੇ ਵਿਰੋਧ `ਚ ਸਿਰਫ਼ 11 ਵੋਟਾਂ ਪਈਆਂ। ਏਆਈਐੱਮਆਈਐੱਮ ਦੇ ਮੁਖੀ ਅਸਦ-ਉਦ-ਦੀਨ ਓਵੈਸੀ ਵੱਲੋਂ ਪੇਸ਼ ਕੀਤੇ ਗਏ ਸਾਰੇ ਸੋਧ ਪ੍ਰਸਤਾਵ ਰੱਦ ਹੋ ਗਏ।
ਵੋਟਿੰਗ ਦੌਰਾਨ ਕਾਂਗਰਸ ਤੇ ਏਆਈਏਡੀਐੱਮ ਨੇ ਲੋਕ ਸਭਾ `ਚੋਂ ਵਾਕਆਊਟ ਕਰ ਦਿੱਤਾ। ਬਹਿਸ ਦੌਰਾਨ ਕਾਂਗਰਸ, ਟੀਐੱਮਸੀ ਸਮੇਤ ਕਈ ਵਿਰੋਧੀ ਪਾਰਟੀਆਂ ਇਸ ਬਿਲ ਨੂੰ ਸਾਂਝੀ ਚੋਣ ਕਮੇਟੀ ਕੋਲ ਭੇਜਣ ਦੀ ਮੰਗ `ਤੇ ਅੜੇ ਰਹੇ।
ਲੋਕ ਸਭਾ `ਚ ਤਿੰਨ ਤਲਾਕ ਬਿਲ ਨੂੰ ਪਾਸ ਕਰਵਾਉਣ ਲਈ ਭਾਜਪਾ ਨੇ ਪਹਿਲਾਂ ਹੀ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕਰ ਕੇ ਸਦਨ `ਚ ਮੌਜੂਦ ਰਹਿਣ ਲਈ ਆਖਿਆ ਸੀ।
ਬਹਿਸ ਦੌਰਾਨ ਲੋਕ ਸਭਾ `ਚ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਔਰਤਾਂ ਦੇ ਨਾਂਅ `ਤੇ ਲਿਆਂਦਾ ਗਿਆ ਇਹ ਬਿਲ ਸਮਾਜ ਨੂੰ ਜੋੜਨ ਦਾ ਨਹੀਂ, ਸਗੋਂ ਸਮਾਜ ਨੂੰ ਤੋੜਨ ਦਾ ਬਿਲ ਹੈ। ਉਨ੍ਹਾਂ ਕਿਹਾ ਕਿ ਇਹ ਸਮਾਨਤਾ ਦੇ ਅਧਿਕਾਰ ਤੇ ਇਸਲਾਮ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂਅ `ਤੇ ਇਹ ਬਿਲ ਭੇਦਭਾਵ ਕਰਦਾ ਹੈ ਤੇ ਧਾਰਮਿਕ ਆਜ਼ਾਦੀ ਦੇ ਵਿਰੁੱਧ ਹੈ। ਉਨ੍ਹਾਂ ਕਿ ਸੰਵਿਧਾਨ ਦੇ ਮੂਲ ਆਧਾਰ ਵਿਰੁੱਧ ਸਰਕਾਰ ਕੋਈ ਵੀ ਕਾਨੂੰਨ ਨਹੀਂ ਬਣਾ ਸਕਦੀ।
ਇਸ ਤੋਂ ਪਹਿਲਾਂ ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ `ਚ ‘ਤਿੰਨ ਤਲਾਕ` ਬਿਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ 20 ਇਸਲਾਮਿਕ ਦੇਸ਼ਾਂ ਨੇ ਤਿੰਨ ਤਲਾਕ ਨੂੰ ਬੈਨ ਕਰ ਦਿੱਤਾ ਪਰ ਅਸੀਂ ਭਾਰਤ `ਚ ਕਿਉਂ ਨਹੀਂ ਕੀਤਾ।