ਅਮਰੀਕਾ ਨੇ ਭਾਰਤ ਦੀ ਰਾਜਧਾਨੀ ਦਿੱਲੀ ’ਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਹਿੰਸਾਗ੍ਰਸਤ ਇਲਾਕਿਆਂ ’ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਵੱਲੋਂ ਜਾਰੀ ਸਕਿਓਰਿਟੀ ਅਲਰਟ ’ਚ ਉੱਤਰ–ਪੂਰਬੀ ਦਿੱਲੀ ’ਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਬਾਰੇ ਦੱਸਿਆ ਗਿਆ ਹੈ ਤੇ ਸਾਵਧਾਨ ਰਹਿਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਹਾਲੇ ਦੋ ਦਿਨ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਦੋ–ਦਿਨਾ ਭਾਰਤ ਯਾਤਰਾ ਪੂਰੀ ਕਰ ਕੇ ਪਰਤੇ ਹਨ। ਉਸ ਤੋਂ ਬਾਅਦ ਹੀ ਅਮਰੀਕੀ ਦੂਤਾਵਾਸ ਵੱਲੋਂ ਉੱਥੋਂ ਦੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।
ਅਮਰੀਕੀ ਦੂਤਾਵਾਸ ਵੱਲੋਂ ਆਪਣੇ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ – ‘ਭਾਰਤ ’ਚ ਰਹਿ ਰਹੇ ਅਮਰੀਕਨਾਂ ਨੂੰ ਉੱਤਰ–ਪੂਰਬੀ ਦਿੱਲੀ ’ਚ ਚੱਲ ਰਹੇ ਪ੍ਰਦਰਸ਼ਨਾਂ ਨੂੰ ਵੇਖਦਿਆਂ ਸਾਵਧਾਨ ਰਹਿਣਾ ਚਾਹੀਦਾ ਹੈ ਤੇ ਉਨ੍ਹਾਂ ਸਾਰੇ ਇਲਾਕਿਆਂ ’ਚ ਜਾਣ ਤੋਂ ਬਚਣਾ ਚਾਹੀਦਾ ਹੈ; ਜਿੱਥੇ–ਜਿੱਥੇ ਰੋਸ ਪ੍ਰਦਰਸ਼ਨ ਹੋ ਰਹੇ ਹਨ।’
ਇੱਕ ਤਰ੍ਹਾਂ ਟਰੰਪ ਪ੍ਰਸ਼ਾਸਨ ਦੀ ਸਹਿਮਤੀ ਨਾਲ ਅਮਰੀਕੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਇਸ ਚੇਤਾਵਨੀ ’ਚ ਅੱਗੇ ਕਿਹਾ ਗਿਆ ਹੇ ਕਿ ਤੁਸੀਂ ਸਥਾਨਕ ਮੀਡੀਆ ਆਊਟਲੈਟਸ ਉੱਤੇ ਪ੍ਰਦਰਸ਼ਨਾਂ ਬਾਰੇ ਛਪ ਰਹੀਆਂ ਜਾਣਕਾਰੀਆਂ, ਸੜਕਾਂ ਤੇ ਮੈਟਰੋ ਦੇ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਵੇਖਦੇ ਰਹੋ।
ਸਕਿਓਰਿਟੀ ਅਲਰਟ ’ਚ ਸੰਭਾਵੀ ਕਰਫ਼ਿਊ ਉੱਤੇ ਵੀ ਚੌਕਸ ਨਜ਼ਰ ਰੱਖਣ ਲਈ ਆਖਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਨੇ ਅਜਿਹਾ ਕਾਨੂੰਨ ਲਾਗੂ ਕਰ ਰੱਖਿਆ ਹੈ; ਜਿਸ ਨੂੰ ਧਾਰਾ–144 ਆਖਦੇ ਹਨ ਤੇ ਇਸ ਰਾਹੀਂ ਚਾਰ ਜਾਂ ਚਾਰ ਤੋਂ ਵੱਧ ਲੋਕਾਂ ਦੇ ਸਿਆਸੀ ਇਰਾਦੇ ਨਾਲ ਇਕੱਠੇ ਹੋਣ ’ਤੇ ਰੋਕ ਹੁੰਦੀ ਹੈ।