'ਕਹਾਨੀ ਘਰ-ਘਰ ਕੀ', 'ਦੇਸ਼ ਮੈਂ ਨਿਕਲਾ ਹੋਗਾ ਚਾਂਦ' ਅਤੇ 'ਨਚ ਬੱਲੀਏ' ਵਰਗੇ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਇਕ ਟੈਲੀਵਿਜ਼ਨ ਅਦਾਕਾਰਾ ਨੇ ਇਕ ਜੂਨੀਅਰ ਅਦਾਕਾਰ 'ਤੇ ਇਕ ਹੋਟਲ ਦੇ ਕਮਰੇ 'ਚ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ।
ਆਈਏਐਨਐਸ ਦੇ ਅਨੁਸਾਰ ਅਦਾਕਾਰਾ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਹ ਬਲਾਤਕਾਰ ਕਾਰਨ ਗਰਭਵਤੀ ਹੋ ਗਈ ਹੈ। ਜੂਨੀਅਰ ਅਦਾਕਾਰ ਹਰਿਆਣਾ ਦੇ ਯਮੁਨਾਨਗਰ ਦਾ ਰਹਿਣ ਵਾਲਾ ਹੈ, ਜੋ ਇਸ ਸਮੇਂ ਲਾਪਤਾ ਹੈ।
ਟਾਈਮਜ਼ ਨਾਓ ਨਿਊਜ਼ ਡਾਟ ਕਾਮ ਦੀ ਇਕ ਰਿਪੋਰਟ ਦੇ ਅਨੁਸਾਰ, ਦੋਵਾਂ ਚ ਦੋਸਤੀ ਇਸੇ ਸਾਲ ਅਕਤੂਬਰ ਚ ਹੋਈ ਸੀ। ਅਦਾਕਾਰਾ ਦਾ ਦਾਅਵਾ ਹੈ ਕਿ ਜੂਨੀਅਰ ਅਦਾਕਾਰ ਨੇ ਹੋਟਲ ਦੇ ਕਮਰੇ ਚ ਉਸ ਨਾਲ ਬਲਾਤਕਾਰ ਕਰਨ ਤੋਂ ਪਹਿਲਾਂ ਉਸ ਨੂੰ ਨਸ਼ੀਲਾ ਪਦਾਰਥ ਪਿਆ ਦਿੱਤਾ ਸੀ।
ਕੁਝ ਦਿਨਾਂ ਬਾਅਦ ਜਦੋਂ ਅਦਾਕਾਰਾ ਨੂੰ ਪਤਾ ਲੱਗਿਆ ਕਿ ਉਹ ਗਰਭਵਤੀ ਹੋ ਗਈ ਹੈ ਤਾਂ ਉਸਨੇ ਜੂਨੀਅਰ ਅਦਾਕਾਰ ਨੂੰ ਉਸ ਨਾਲ ਵਿਆਹ ਕਰਾਉਣ ਲਈ ਕਿਹਾ ਪਰ ਉਕਤ ਅਦਾਕਾਰ ਮੁਕਰ ਗਿਆ। ਦੱਸਿਆ ਜਾ ਰਿਹਾ ਹੈ ਕਿ ਯਮੁਨਾਨਗਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਮੁਲਜ਼ਮ ਅਦਾਕਾਰ ਲਾਪਤਾ ਹੋ ਗਿਆ ਹੈ।
ਖਬਰਾਂ ਅਨੁਸਾਰ ਦੋਸ਼ੀ ਦਾ ਪਰਿਵਾਰ ਉਸ ਦੇ ਨਾਲ ਖੜ੍ਹਾ ਦਿਖਾਈ ਦੇ ਰਿਹਾ ਹੈ। ਅਦਾਕਾਰਾ ਨੇ ਦੋਸ਼ ਲਾਇਆ ਹੈ ਕਿ ਉਸ ਦਾ ਪਰਿਵਾਰ ਇਨ੍ਹਾਂ ਸਭ ਗੱਲਾਂ ਤੋਂ ਜਾਣੂ ਹੈ ਪਰ ਉਹ ਉਸ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰਨਾ ਚਾਹੁੰਦੇ।
ਖਬਰਾਂ ਅਨੁਸਾਰ ਅਦਾਕਾਰਾ ਅਤੇ ਜੂਨੀਅਰ ਅਦਾਕਾਰ ਦੀ ਮੁਲਾਕਾਤ ਮੁੰਬਈ ਚ ਹੋਈ ਸੀ ਅਤੇ ਦੋਵਾਂ ਨੇ ਕੁਝ ਸ਼ੋਅ ਵਿੱਚ ਇਕੱਠੇ ਕੰਮ ਵੀ ਕੀਤਾ। ਉਹ ਕੁਝ ਸਮੇਂ ਲਈ ਚੰਗੇ ਦੋਸਤ ਵੀ ਸਨ ਪਰ ਕੁਝ ਦਿਨਾਂ ਬਾਅਦ ਦੋਨਾਂ ਚ ਝਗੜਾ ਹੋ ਗਿਆ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।