ਕੋਰੋਨਾ ਵਾਇਰਸ ਕਾਰਨ ਭਾਰਤ ’ਚ ਇਸ ਵੇਲੇ ਲਾਗੂ ਲੌਕਡਾਊਨ ਕਾਰਨ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ਾ (ਡੀਪ੍ਰੈਸ਼ਨ) ਘੇਰਲ ਲੱਗ ਪਿਆ ਹੈ। ਜ਼ਿਆਦਾਤਰ ਲੋਕਾਂ ਦਾ ਆਪਣੇ ਘਰਾਂ ਅੰਦਰ ਹੁਣ ਜੀਅ ਨਹੀਂ ਲੱਗਦਾ। ਹੁਣ ਅਜਿਹੇ ਹਾਲਾਤ ਨੇ ਇੱਕ ਪੰਜਾਬੀ ਟੀਵੀ ਕਲਾਕਾਰ ਮਨਮੀਤ ਗਰੇਵਾਲ ਦੀ ਜਾਨ ਲੈ ਲਈ ਹੈ।
ਨਵੀਂ ਮੁੰਬਈ ਦੇ ਖਾਰਘਰ ਇਲਾਕੇ ਤੋਂ ਖ਼ਬਰ ਆ ਰਹੀ ਹੈ ਕਿ 32 ਸਾਲਾ ਮਨਮੀਤ ਗਰੇਵਾਲ ਨੇ ਲੌਕਡਾਊਨ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ। ਮਨਮੀਤ ਗਰੇਵਾਲ ਆਪਣੀ ਪਤਨੀ ਨਾਲ ਛੋਟੇ ਜਿਹੇ ਫ਼ਲੈਟ ’ਚ ਰਹਿ ਰਿਹਾ ਸੀ।
ਦੇਸ਼ ਵਿੱਚ ਲੌਕਡਾਊਨਲਾਗੂ ਹੋਣ ਕਾਰਨ ਸਾਰੀਆਂ ਫ਼ਿਲਮਾਂ ਤੇ ਟੀਵੀ ਲੜੀਵਾਰ ਨਾਟਕਾਂ ਦੀ ਸ਼ੂਟਿੰਗ ਬੰਦ ਪਈ ਹੈ। ਮਨਮੀਤ ਗਰੇਵਾਲ ਹਾਲੇ ਐਕਟਿੰਗ ਦੀ ਦੁਨੀਆ ਵਿੱਚ ਸੰਘਰਸ਼ ਕਰ ਰਿਹਾ ਸੀ ਤੇ ਟੀਵੀ ਲੜੀਵਾਰਾਂ ’ਚ ਨਿੱਕੇ–ਨਿੱਕੇ ਕਿਰਦਾਰ ਕਰ ਕੇ ਗੁਜ਼ਾਰਾ ਕਰ ਰਿਹਾ ਸੀ।
ਸ਼ੂਟਿੰਗ ਬੰਦ ਹੋ ਜਾਣ ਤੋਂ ਬਾਅਦ ਰੋਜ਼ਗਾਰ ਦੇ ਸਾਰੇ ਰਾਹ ਬੰਦ ਹੋ ਗਏ ਸਨ। ਉਹ ਪਹਿਲਾਂ ਤੋਂ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਤੇ ਇਸ ਲੌਕਡਾਊਨ ਨੇ ਉਸ ਨੂੰ ਆਰਥਿਕ ਤੌਰ ਉੱਤੇ ਬਹੁਤ ਮੰਦ ਤੇ ਤੰਗਹਾਲ ਬਣਾ ਕੇ ਰੱਖ ਦਿੱਤਾ ਸੀ।
ਅਜਿਹੇ ਹਾਲਾਤ ਤੋਂ ਪਰੇਸ਼ਾਨ ਹੋ ਕੇ ਸ਼ੁੱਕਰਵਾਰ ਦੇਰ ਰਾਤੀਂ ਉਸ ਨੇ ਆਪਣੇ ਘਰ ਵਿੱਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮਨਮੀਤ ਗਰੇਵਾਲ ਦੇ ਖਾਸ ਦੋਸਤ ਤੇ ਨਿਰਮਾਤਾ ਮਨਜੀਤ ਸਿੰਘ ਰਾਜਪੂਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਮੀਤ ਪਿਛਲੇ ਕਈ ਦਿਨਾਂ ਤੋਂ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ।
ਇਸ ਲੌਕਡਾਊਨ ਦੌਰਾਨ ਕੰਮ ਬੰਦ ਹੋਣ ਕਰਕੇ ਕਿਸੇ ਪਾਸਿਓਂ ਕੋਈ ਕਮਾਈ ਨਹੀਂ ਹੋ ਰਹੀ ਸੀ ਅਤੇ ਨਾ ਹੀ ਉਹ ਲੋਕਾਂ ਤੋਂ ਉਧਾਰ ਲਿਆ ਪੈਸਾ ਵਾਪਸ ਕਰ ਸਕ ਰਿਹਾ ਸੀ। ਇਸੇ ਸਥਿਤੀ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ ਹੈ।
ਮਨਮੀਤ ਗਰੇਵਾਲ ਨੂੰ ਦੋ ਟੀਵੀ ਸ਼ੋਅ ‘ਆਦਤ ਸੇ ਮਜਬੂਰ’ ਅਤੇ ‘ਕੁਲਦੀਪਕ’ ਵਿੱਚ ਕੰਮ ਕਰਦਿਆਂ ਚੰਗੀ ਸ਼ੋਹਰਤ ਹਾਸਲ ਹੋਈ ਸੀ। ਇਸ ਵੇਲੇ ਉਹ ਇੱਕ ਵੈੱਬ–ਲੜੀ ਵਿੱਚ ਵੀ ਕੰਮ ਕਰ ਰਿਹਾ ਸੀ। ਉਹ ਇੱਕ ਐਕਟਿੰਗ ਸਕੂਲ ’ਚ ਪੜ੍ਹਾਉਂਦਾ ਸੀ ਪਰ ਲੌਕਡਾਊਨ ਨੇ ਸਭ ਕੁਝ ਬਰਬਾਦ ਕਰ ਕੇ ਰੱਖ ਦਿੱਤਾ।