ਕੋਰੋਨਾ ਵਾਇਰਸ ਦੇ ਚੱਲਦਿਆਂ ਟਵਿਟਰ ਨੇ ਆਪਣੇ ਮੁਲਾਜ਼ਮਾਂ ਨੂੰ ਘਰੋਂ ਹੀ ਕੰਮ ਕਰਨ ਲਈ ਕਿਹਾ ਹੈ। ਆਈਟੀ ਕੰਪਨੀ ਟੀਸੀਐੱਸ ਅਤੇ ਐੱਚਸੀਐੱਲ ਨੇ ਵੀ ਆਪਣੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਗ਼ੈਰ–ਜ਼ਰੂਰੀ ਯਾਤਰਾ ਤੋਂ ਬਚਣ।
ਟਵਿਟਰ ਦੀ ਪੀਪਲ ਟੀਮ ਦੇ ਮੁਖੀ ਜੈਨੀਫ਼ਰ ਕ੍ਰਿਸਟੀ ਨੇ ਭਾਰਤ ਸਮੇਤ ਸਾਰੇ ਦੇਸ਼ਾਂ ’ਚ ਆਪਣੇ ਮੁਲਾਜ਼ਮਾਂ ਨੂੰ ਆਪੋ–ਆਪਣੇ ਘਰਾਂ ਤੋਂ ਕੰਮ ਕਰਨ ਦਾ ਵਿਕਲਪ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਦੁਨੀਆ ਭਰ ’ਚ ਕੋਰੋਨਾ ਵਾਇਰਸ ਤੋਂ ਹੁਣ ਤੱਕ 3,000 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਟੀਸੀਐੱਸ ਨੇ ਕਿਹਾ ਕਿ ਕੰਪਨੀ ਇਸ ਬਾਰੇ ਸਾਰੇ ਵਿਸਵ, ਖੇਤਰੀ ਤੇ ਸਥਾਨਕ ਸਿਹਤ ਸੰਸਥਾਨਾਂ ਨਾਲ ਕੰਮ ਕਰ ਰਹੇ ਹਨ। ਕੰਪਨੀ ਨੇ ਇਟਲੀ ’ਚ ਅਹਿਤਿਆਤੀ ਉਪਾਅ ਅਧੀਨ ‘ਵਰਕ ਫ਼੍ਰੌਮ ਹੋਮ’ ਲਾਗੂ ਕੀਤਾ ਹੈ ਅਤੇ ਮੁਲਾਜ਼ਮਾਂ ਨੂੰ ਯਾਤਰਾਵਾਂ ਕਰਨ ਤੋਂ ਵਰਜਿਆ ਹੈ।
HCL ਨੇ ਕਿਹਾ ਕਿ ਉਸ ਨੇ ਪ੍ਰਭਾਵਿਤ ਦੇਸ਼ਾਂ ਵਿੱਚ ਆਫ਼ਤ ਬਚਾਅ ਯੋਜਨਾ ਲਾਗੂ ਕੀਤੀ ਹੈ। ਜਿੱਥੋਂ ਤੱਕ ਸੰਭਵ ਹੈ, ਉਹ ਮੁਲਾਜ਼ਮਾਂ ਨੂੰ ਹਮਾਇਤ ਦੇ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਨੇ ‘ਵਰਕ ਫ਼੍ਰੌਮ ਹੋਮ’ ਰਣਨੀਤੀ ਲਾਗੂ ਕੀਤੀ ਹੈ। ਯਾਤਰਾ ਨੂੰ ਲੈ ਕੇ ਐਡਵਾਇਜ਼ਰੀ ਵੀ ਜਾਰੀ ਕੀਤੀ ਗਈ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਇਕੱਲੇ ਚੀਨ ਦੇਸ਼ ਦੇ ਸਰਕਾਰੀ ਅੰਕੜਿਆਂ ਮੁਤਾਬਕ 90 ਹਜ਼ਾਰ ਤੋਂ ਵੱਧ ਵਿਅਕਤੀ ਪੀੜਤ ਹਨ ਤੇ ਹੁਣ ਤੱਕ 60 ਦੇ ਕਰੀਬ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਹਜ਼ਾਰਾਂ ਤੱਕ ਅੱਪੜ ਚੁੱਕੀ ਹੈ।
ਭਾਰਤ ’ਚ ਵੀ ਵੱਡੇ ਪੱਧਰ ਉੱਤੇ ਇਸ ਦੇ ਫੈਲਣ ਦਾ ਖ਼ਦਸ਼ਾ ਹੈ। ਹਾਲੇ ਕੱਲ੍ਹ ਹੀ ਉੱਤਰ ਪ੍ਰਦੇਸ਼ ਦੇ ਇੱਕੋ ਪਰਿਵਾਰ ਦੇ 6 ਮੈਂਬਰਾਂ ਦੇ ਇਸ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਖ਼ਬਰ ਆਈ ਸੀ।