ਕੱਲ੍ਹ ਪੰਜਾਬ ਦੇ ਅੰਮ੍ਰਿਤਸਰ ’ਚ ਜਿੱਥੇ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ, ਉੱਥੇ ਮਹਾਰਾਸ਼ਟਰ ਦੇ ਸ਼ਹਿਰ ਪੁਣੇ ’ਚ ਵੀ ਇਸ ਵਾਇਰਸ ਦੀ ਲਾਗ ਦੀ ਆਮਦ ਹੋ ਗਈ ਹੈ। ਇੰਝ ਹੁਣ ਭਾਰਤ ’ਚ ਕੋਰੋਨਾ ਵਾਇਰਸ ਦੇ ਕੇਸਾਂ/ਮਰੀਜ਼ਾਂ ਦੀ ਗਿਣਤੀ 47 ਹੋ ਗਈ ਹੈ।
ਅੰਮ੍ਰਿਤਸਰ ’ਚ ਜਿਹੜੇ ਵਿਅਕਤੀ ਨੂੰ ਹੁਣ ਕੋਰੋਨਾ ਵਾਇਰਸ ਦੀ ਲਾਗ ਤੋਂ ਗ੍ਰਸਤ ਹੋਣ ਦੀ ਪੁਸ਼ਟੀ ਹੋਈ ਹੈ, ਉਹ ਇਟਲੀ ਦੇ ਸ਼ਹਿਰ ਮਿਲਾਨ ਤੋਂ ਆਇਆ ਸੀ। ਉਹ ਪਹਿਲਾਂ ਨਵੀਂ ਦਿੱਲੀ ਦੇ ਹਵਾਈ ਅੱਡੇ ’ਤੇ ਪੁੱਜੇ ਸਨ ਤੇ ਫਿਰ ਅਗਲੀ ਉਡਾਣ ਰਾਹੀਂ ਉਹ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਪੁੱਜੇ ਸਨ।
ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਜ਼ੇਰੇ ਇਲਾਜ ਵਿਅਕਤੀ ਦਰਅਸਲ ਹੁਸ਼ਿਆਰਪੁਰ ਦਾ ਹੈ। ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਉੱਧਰ ਪੁਣੇ (ਮਹਾਰਾਸ਼ਟਰ) ’ਚ ਜਿਹੜਾ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ; ਉਹ ਦਰਅਸਲ ਪਤੀ–ਪਤਨੀ ਹੈ। ਇਹ ਦੋਵੇਂ ਮਰੀਜ਼ ਇੱਕ ਜਨਵਰੀ ਨੂੰ ਦੁਬਈ ਤੋਂ ਪੁਣੇ ਪਰਤੇ ਸਨ।
ਦੋਵੇਂ ਪੁਣੇ ਦੀ ਇੱਕ ਟ੍ਰੈਵਲ ਏਜੰਸੀ ਵੱਲੋਂ ਆਯੋਜਿਤ ਦੁਬਈ ਟੂਰ ਲਈ ਖਾੜੀ ਦੇਸ਼ ’ਚ ਗਏ ਸਨ। ਇਨ੍ਹਾਂ ਦੋਵੇਂ ਪਤੀ–ਪਤਨੀ ਨੂੰ ਇੱਕ ਜਨਵਰੀ ਤੋਂ ਲੈ ਕੇ ਹੁਣ ਤੱਕ ਕੋਈ ਤਕਲੀਫ਼ ਨਹੀਂ ਹੋਈ ਸੀ; ਪਰ ਸੋਮਵਾਰ ਸਵੇਰੇ ਉਨ੍ਹਾਂ ਨੂੰ ਕੁਝ ਤਕਲੀਫ਼ ਮਹਿਸੂਸ ਹੋਣ ਲੱਗੀ।
ਤਦ ਪਤੀ–ਪਤਨੀ ਨੂੰ ਪੁਣੇ ਦੇ ਨਾਇਡੂ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਦਾ ਟੈਸਟ ਕੀਤਾ ਗਿਆ। ਦੋਵਾਂ ਦੇ ਸਵੈਬ ਲੈ ਕੇ ਨੈਸ਼ਨਲ ਇੰਸਟੀਚਿਊਟ ਆੱਫ਼ ਵਾਇਰੌਲੋਜੀ ’ਚ ਟੈਸਟ ਲਈ ਭੇਜਿਆ ਗਿਆ। ਉਨ੍ਹਾਂ ਦੇ ਸੈਂਪਲ ਪਾਜ਼ਿਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਨਾਇਡੂ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਐਤਵਾਰ ਤੋਂ ਲੈ ਕੇ ਹੁਣ ਤੱਕ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਬੈਂਗਲੁਰੂ, ਪੁਣੇ ਤੇ ਜੰਮੂ ’ਚ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੀ 8 ਮਾਰਚ ਨੂੰ ਇਕੱਲੇ ਕੇਰਲ ’ਚ ਹੀ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਸਨ।