ਗੁਜਰਾਤ ਦੇ ਕੱਛ ਇਲਾਕੇ ਵਿੱਚ ਪਾਕਿਸਤਾਨ ਵੱਲੋਂ ਘੁਸਪੈਠ ਕਰਵਾਉਣ ਦੇ ਜਤਨ ਜਾਰੀ ਹਨ। ਸਨਿੱਚਰਵਾਰ ਨੂੰ ਬੀਐੱਸਐੱਫ਼ ਨੂੰ ਸਰ ਕ੍ਰੀਕ ਇਲਾਕੇ ਵਿੱਚ ਦੋ ਪਾਕਿਸਤਾਨੀ ਕਿਸ਼ਤੀਆਂ ਮਿਲੀਆਂ ਹਨ। ਕਿਸ਼ਤੀਆਂ ਵਿੱਚ ਕੋਈ ਨਾ ਹੋਣ ਕਾਰਨ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੇ ਮਹੀਨੇ ਵੀ ਦੱਖਣੀ ਭਾਰਤ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਬਾਰੇ ਖ਼ੁਫ਼ੀਆ ਜਾਣਕਾਰੀ ਮਿਲਣ ਤੋਂ ਬਾਅ ਸਰ ਕ੍ਰੀਕ ਇਲਾਕੇ ਵਿੱਚ ਦੋ ਕਿਸ਼ਤੀਆਂ ਮਿਲੀਆਂ ਸਨ ਪਰ ਉਨ੍ਹਾਂ ਵਿੱਚ ਤਦ ਕੋਈ ਸ਼ੱਕੀ ਸਾਮਾਨ ਨਹੀਂ ਮਿਲਿਆ ਸੀ। ਉਨ੍ਹਾਂ ਬਾਰੇ ਵੀ ਕੋਈ ਉੱਘ–ਸੁੱਘ ਨਹੀਂ ਮਿਲ ਸਕੀ ਸੀ ਕਿ ਉਹ ਪਾਕਿਸਤਾਨੀ ਕਿਸ਼ਤੀਆਂ ਕੌਣ ਭਾਰਤੀ ਕੰਢੇ ਤੱਕ ਲੈ ਕੇ ਆਇਆ। ਜਿਹੜਾ ਵਿਅਕਤੀ ਲੈ ਕੇ ਆਇਆ, ਉਹ ਆਖ਼ਰ ਕਿੱਥੇ ਗਿਆ।
ਅੱਜ ਸਨਿੱਚਰਵਾਰ ਨੂੰ ਵੀ ਪਾਸਿਕਤਾਨ ਦੀਆਂ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਬਰਾਮਦ ਹੋਣ ਤੋਂ ਬਾਅਦ ਸ਼ੱਕੀ ਅੱਤਵਾਦੀਆਂ ਦੀ ਭਾਲ ਵਿੱਚ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਇੱਥੇ ਵਰਨਣਯੋਗ ਹੈ ਕਿ ਸਰ ਕ੍ਰੀਕ ਗੁਜਰਾਤ ਦੇ ਕੱਛ ਨੇੜੇ ਸਥਿਤ 650 ਵਰਗ ਕਿਲੋਮੀਟਰ ਵਿੱਚ ਫੈਲਿਆ ਇਲਾਕਾ ਹ; ਜਿਸ ਉੱਤੇ ਪਾਕਿਸਤਾਨ ਵੀ ਆਪਣਾ ਦਾਅਵਾ ਪੇਸ਼ ਕਰਦਾ ਰਹਿੰਦਾ ਹੈ।
ਪਾਕਿਸਤਾਨ ਸਰ ਕ੍ਰੀਕ ਇਲਾਕੇ ਸਮੇਤ ਹਰਾਮੀ ਨਾਲੇ ਦੀ ਵਰਤੋਂ ਘੁਸਪੈਠ ਲਈ ਕਰਦਾ ਆਇਆ ਹੈ। ਉਂਝ ਅੱਜ–ਕੱਲ੍ਹ ਇੱਥੇ ਵੀ ਸਖ਼ਤ ਸੁਰੱਖਿਆ ਚੌਕਸੀ ਹੈ।