ਤੇਲੰਗਾਨਾ ਦੇ ਵਿਕਾਰਾਬਾਦ ’ਚ ਇੱਕ ਟ੍ਰੇਨਰ ਸੈਸਨਾ ਹਵਾਈ ਜਹਾਜ਼ ਅੱਜ ਕੁਝ ਚਿਰ ਪਹਿਲਾਂ ਹਾਦਸਾਗ੍ਰਸਤ ਹੋ ਗਿਆ। ਪਿੰਡ ਸੁਲਤਾਨਪੁਰ ਲਾਗੇ ਵਾਪਰੇ ਇਸ ਹਾਦਸੇ ’ਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ ਹੈ।
ਇੱਕ ਪਾਇਲਟ ਦੀ ਸ਼ਨਾਖ਼ਤ ਪ੍ਰਕਾਸ਼ ਵਿਸ਼ਾਲ ਵਜੋਂ ਹੋਈ ਹੈ; ਜਦ ਕਿ ਦੂਜੀ ਮਹਿਲਾ ਪਾਇਲਟ ਦੀ ਸ਼ਨਾਖ਼ਤ ਅਮਨਪ੍ਰੀਤ ਕੌਰ ਵਜੋਂ ਹੋਈ ਹੈ।
ਮੌਕੇ ਉੱਤੇ ਰਾਹਤ ਤੇ ਬਚਾਅ ਕਾਰਜਾਂ ਲਈ ਟੀਮ ਪੁੱਜ ਚੁੱਕੀ ਹੈ। ਅਮਨਪ੍ਰੀਤ ਕੌਰ ਤੇ ਪ੍ਰਕਾਸ਼ ਵਿਸ਼ਾਲ ਦੋਵੇਂ ਹੀ ਰਾਜੀਵ ਗਾਂਧੀ ਏਵੀਏਸ਼ਨ ਅਕੈਡਮੀ ਦੇ ਵਿਦਿਆਰਥੀ ਸਨ।
ਇਨ੍ਹਾਂ ਦੋਵਾਂ ਨੇ ਅੱਜ ਸਵੇਰੇ ਬੇਗਮਪੈਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਪਰ ਲਗਭਗ ਇੱਕ ਘੰਟੇ ਬਾਅਦ ਉਨ੍ਹਾਂ ਦਾ ਹਵਾਈ ਜਹਾਜ਼ ਰਾਡਾਰ ਦੇ ਘੇਰੇ ਵਿੱਚੋਂ ਬਾਹਰ ਹੋ ਗਿਆ ਸੀ।
ਦੋਵੇਂ ਮ੍ਰਿਤਕ ਦੇਹਾਂ ਨੂੰ ਹਵਾਈ ਜਹਾਜ਼ ਦੇ ਮਲਬੇ ’ਚੋਂ ਬਾਹਰ ਕੱਢ ਲਿਆ ਗਿਆ ਹੈ ਤੇ ਸਮੁੱਚੇ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਹੈ।
ਹਾਲੇ ਦੋ ਕੁ ਦਿਨ ਪਹਿਲਾਂ ਮਹਾਰਾਸ਼ਟਰ ਦੀ ਸ਼ੀਰਪੁਰ ਫ਼ਲਾਈਂਗ ਅਕੈਡਮੀ ਦਾ ਵੀ ਇੱਕ ਹਵਾਈ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ।