ਮੋਟਰਸਾਇਕਲ `ਤੇ ਫ਼ੇਸਬੁੱਕ-ਲਾਈਵ ਕਰ ਰਹੇ ਦੋ ਨੌਜਵਾਨਾਂ ਨੂੰ ਇੱਕ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇੱਕ ਨੌਜਵਾਨ ਦੀ ਤਾਂ ਮੌਕੇ `ਤੇ ਹੀ ਮੌਤ ਹੋ ਗਈ ਅਤੇ ਦੂਜਾ ਜਿ਼ੰਦਗੀ ਤੇ ਮੌਤ ਵਿਚਾਲੇ ਜੂਝ ਰਿਹਾ ਹੈ। ਦੋਵਾਂ ਵਿੱਚੋਂ ਕਿਸੇ ਨੇ ਵੀ ਹੈਲਮੈਟ ਨਹੀਂ ਪਾਈ ਹੋਈ ਸੀ।
ਪਿੱਛੇ ਬੈਠਾ ਜੀਸ਼ਾਨ ਸ਼ੇਖ਼ (18) ਨੂਰ ਮੁਹੰਮਦ ਕਾਲਜ `ਚ ਪਹਿਲੇ ਵਰ੍ਹੇ ਦਾ ਵਿਦਿਆਰਥੀ ਸੀ। ਉਸ ਦੀ ਮੌਕੇ `ਤੇ ਹੀ ਮੌਤ ਹੋ ਗਈ। ਮੋਟਰ ਸਾਇਕਲ ਚਲਾ ਰਿਹਾ ਲੜਕਾ ਆਮਿਰੁਲ ਇਸਲਾਮ (18) ਕੰਚਨਤਲਾ ਜੇ.ਡੀ. ਇੰਸਟੀਚਿਊਟ `ਚ 11ਵੀਂ ਦਾ ਵਿਦਿਅਰਾਥੀ ਸੀ। ਉਹ ਇਸ ਵੇਲੇ ਹਸਪਤਾਲ `ਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਘਟਨਾ ਕੋਲਕਾਤਾ ਤੋਂ 278 ਕਿਲੋਮੀਟਰ ਦੂਰ ਮੁਰਸਿ਼ਦਾਬਾਦ ਜਿ਼ਲ੍ਹੇ `ਚ ਸ਼ਮਸ਼ੇਰਗੰਜ `ਚ ਵਾਪਰੀ। ਮੋਟਰਸਾਇਕਲ ਨੂੰ ਟੱਕਰ ਮਾਰਨ ਤੋਂ ਬਾਅਦ ਡਰਾਇਵਰ ਆਪਣੇ ਟਰੱਕ ਸਮੇਤ ਫ਼ਰਾਰ ਹੋ ਗਿਆ।
ਸ਼ਮਸ਼ੇਰਗੰਜ ਪੁਲਿਸ ਥਾਣੇ ਦੇ ਇੰਚਾਰਜ ਅਮਿਤ ਭਗਤ ਨੇ ਦੱਸਿਆ ਕਿ ਸ਼ਾਇਦ ਉਨ੍ਹਾਂ ਨੌਜਵਾਨਾਂ ਨੂੰ ਪਿੱਛਿਓਂ ਆ ਰਹੇ ਟਰੱਕ ਦਾ ਪਤਾ ਹੀ ਨਹੀਂ ਸੀ ਲੱਗ ਸਕਿਆ ਕਿਉਂਕਿ ਉਹ ਸੋਸ਼ਲ ਮੀਡੀਆ `ਤੇ ਰੁੱਝੇ ਹੋਏ ਸਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਚਲਾਉਂਦੇ ਸਮੇਂ ਸੋਸ਼ਲ ਮੀਡੀਆ ਦੀ ਵਰਤੋਂ ਨਾ ਕਰਨ ਤੇ ਨਾ ਹੀ ਫ਼ੋਨ ਕਰਨ ਜਾਂ ਸੁਣਨ।
ਮ੍ਰਿਤਕ ਦੇ ਦੋਸਤ ਰਾਜੀਬ ਸ਼ੇਖ਼ ਨੇ ਦੱਸਿਆ ਕਿ ਦੋਵੇਂ ਆਪਣੇ ਘਰ ਤੋਂ 10 ਕਿਲੋਮੀਟਰ ਦੂਰ ਖ਼ਾਸ ਬਿਰਿਆਨੀ ਖਾਣ ਲਈ ਜਾ ਰਹੇ ਸਨ। ਜੀਸ਼ਾਨ ਆਪਣੇ ਉਸ ਟ੍ਰਿੱਪ ਦੀ ਲਾਈਵ ਵਿਡੀਓ ਬਣਾ ਰਹੇ ਸਨ।