ਸਾਬਕਾ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਟੀ ਦੇ ਅੰਤਿਮ ਸਸਕਾਰ ਮੌਕੇ ਕੇਂਦਰੀ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪ੍ਰੀਓ ਤੇ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼ ਦੇ ਫ਼ੋਨ ਚੋਰੀ ਹੋ ਗਏ ਸਨ। ਇਹ ਇੰਕਸ਼ਾਫ਼ ਹੁਣ ਜਾ ਕੇ ਹੋਇਆ ਹੈ। ਇਹ ਦੋਵੇਂ ਕੇਂਦਰੀ ਮੰਤਰੀ ਉਨ੍ਹਾਂ ਪੰਜ ਵਿਅਕਤੀਆਂ ਵਿੱਚ ਸ਼ਾਮਲ ਹਨ; ਜਿਨ੍ਹਾਂ ਦੇ ਫ਼ੋਨ ਉਸ ਦਿਨ ਚੋਰੀ ਹੋਏ ਸਨ।
ਪੁਲਿਸ ਨੇ ਮਾਮਲਾ ਦਰਜ ਕਰ ਕੇ ਫ਼ੋਨਾਂ ਦੀ ਭਾਲ਼ ਸ਼ੁਰੂ ਕਰ ਦਿੱਤੀ ਹੈ। ਸ੍ਰੀ ਬਾਬੁਲ ਸੁਪ੍ਰੀਓ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ–ਨਾਲ ਉਨ੍ਹਾਂ ਦੇ ਸਕੱਤਰ ਦਾ ਫ਼ੋਨ ਵੀ ਗੁੰਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉੱਥੇ ਉਦੋਂ ਕੁਝ ਥਾਵਾਂ ਉੱਤੇ ਪਾਣੀ ਖੜ੍ਹਾ ਸੀ ਤੇ ਉੱਥੇ ਕੁਝ ਭੀੜ ਜ਼ਿਆਦਾ ਹੋ ਗਈ ਸੀ। ਸ਼ਾਇਦ ਉੱਥੇ ਜੇਬ–ਕਤਰਿਆਂ ਨੇ ਫ਼ੋਨ ਜੇਬਾਂ ਵਿੱਚੋਂ ਕੱਢੇ ਹੋਣਗੇ।
ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ 10–15 ਮਿੰਟਾਂ ਬਾਅਦ ਕੋਈ ਨਾ ਕੋਈ ਵਿਅਕਤੀ ਇਹੋ ਆਖ ਰਿਹਾ ਸੀ ਕਿ ਉਸ ਦਾ ਫ਼ੋਨ ਚੋਰੀ ਹੋ ਗਿਆ ਹੈ।
ਮੰਤਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸਾਰਾ ਦੋਸ਼ ਪੁਲਿਸ ਸਿਰ ਨਹੀਂ ਮੜ੍ਹਦੇ ਕਿਉਂਕਿ ਹਰੇਕ ਜੇਬ–ਕਤਰੇ ਉੱਤੇ ਅੱਖ ਨਹੀਂ ਰੱਖੀ ਜਾ ਸਕਦੀ ਪਰ ਕੁਝ ਹੋਰ ਸੀਸੀਟੀਵੀ ਕੈਮਰੇ ਉੱਥੇ ਲੱਗੇ ਹੋਣੇ ਚਾਹੀਦੇ ਸਨ; ਜਿਨ੍ਹਾਂ ਦੀ ਮਦਦ ਨਾਲ ਅਜਿਹੇ ਸਮਾਜ–ਵਿਰੋਧੀ ਅਨਸਰਾਂ ਦੀ ਸ਼ਨਾਖ਼ਤ ਕੀਤੀ ਜਾ ਸਕੇ।
ਸ੍ਰੀ ਅਰੁਣ ਜੇਟਲੀ ਦੇ ਅੰਤਿਮ ਸਸਕਾਰ ਮੌਕੇ ਦੋ ਮੰਤਰੀਆਂ ਸ੍ਰੀ ਬਾਬੁਲ ਸੁਪ੍ਰੀਓ ਤੇ ਸ੍ਰੀ ਸੋਮ ਪ੍ਰਕਾਸ਼ ਤੋਂ ਇਲਾਵਾ ਸ੍ਰੀ ਸੁਪ੍ਰੀਓ ਦੇ ਸਕੱਤਰ ਧਰਮੇਂਦਰ ਕੌਸ਼ਲ ਅਤੇ ਦੋ ਹੋਰ ਵਿਅਕਤੀਆਂ ਵਿਨੋਦ ਕੁਮਾਰ ਅਤੇ ਰਤਨ ਡੋਗਰਾ ਦੇ ਮੋਬਾਇਲ ਵੀ ਚੋਰੀ ਹੋਏ ਸਨ।