ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ’ਚ ਸਥਿਤ ਕਾਜ਼ਾ ਰਾਸ਼ਟਰੀ ਰਾਜਮਾਰਗ ਉੱਤੇ ਪਾਂਗੀਨਾਲਾ ਲਾਗੇ ਅੱਜ ਸਵੇਰੇ ਇੱਕ ਚਟਾਨ ਦੇ ਖਿਸਕ ਕੇ ਸੜਕ ਉੱਪਰ ਡਿੱਗ ਪੈਣ ਕਾਰਨ ਮੋਟਰਸਾਇਕਲ ’ਤੇ ਜਾ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਸ਼ਨਾਖ਼ਤ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਸ਼ਹਿਰ ਜ਼ੀਰਕਪੁਰ ਦੇ ਈਸ਼ਾਨ ਤੇ ਮਨੀਮਾਜਰਾ (ਚੰਡੀਗੜ੍ਹ) ਦੇ ਸੁਨੀਲ ਕੁਮਾਰ ਵਜੋਂ ਹੋਈ ਹੈ। ਈਸ਼ਾਨ 26 ਸਾਲਾਂ ਦਾ ਸੀ, ਜਦ ਕਿ ਸੁਨੀਲ ਕੁਮਾਰ 42 ਸਾਲਾਂ ਦਾ ਸੀ।
ਇੱਥੇ ਵਰਨਣਯੋਗ ਹੈ ਕਿ ਕਾਜ਼ਾ ਹਾਈਵੇਅ ਨੂੰ ਚੌੜਾ ਕਰਨ ਦਾ ਕੰਮ ਜਾਰੀ ਹੈ, ਜਿਸ ਲਈ ਧਮਾਕੇ ਵੀ ਕੀਤੇ ਜਾ ਰਹੇ ਹਨ। ਅਜਿਹੇ ਧਮਾਕਿਆਂ ਕਾਰਨ ਡਿੱਗਣ ਵਾਲੀਆਂ ਤਦ ਤਾਂ ਸਾਫ਼ ਕਰ ਦਿੱਤੀਆਂ ਜਾਂਦੀਆਂ ਹਨ ਪਰ ਉਨ੍ਹਾਂ ਧਮਾਕਿਆਂ ਕਾਰਨ ਪਹਾੜਾਂ ਦੇ ਸਿਖ਼ਰ ਦੀਆਂ ਚਟਾਨਾਂ ਕੁਝ ਢਿੱਲੀਆਂ ਪੈ ਜਾਂਦੀਆਂ ਹਨ, ਜਿਸ ਕਾਰਨ ਉਹ ਆਮ ਤੌਰ ਉੱਤੇ ਸਡਕ ਉੱਤੇ ਡਿੱਗ ਪੈਂਦੀਆਂ ਹਨ।
ਅਜਿਹੀ ਇੱਕ ਚਟਾਨ ਰੂਪੀ ਢਿੱਗ ਦੇ ਹੇਠਾਂ ਆ ਕੇ ਦੋ ਨੌਜਵਾਨ ਅੱਜ ਮਾਰੇ ਗਏ। ਉਨ੍ਹਾਂ ਦੇ ਅੱਗੇ ਜਾ ਜਾਂ ਪਿੱਛਿਓਂ ਆ ਰਹੇ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਘੁੰਮਣ ਲਈ ਆਏ ਸਨ ਤੇ ਉਨ੍ਹਾਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ।
ਰਿਕਾਂਗਪੀਓ ਪੁਲਿਸ ਦੀ ਟੀਮ ਨੇ ਮੌਕੇ ਉੱਤੇ ਪੁੱਜ ਕੇ ਲਾਸ਼ਾਂ ਪੋਸਟਮਾਰਟਮ ਲਈ ਖੇਤਰੀ ਹਸਪਤਾਲ ਪਹੁੰਚਾਈਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ। ਇਹ ਦੋਵੇਂ ਉੱਤਰ ਪ੍ਰਦੇਸ਼ ਦੇ ਮੋਟਰ ਸਾਇਕਲ UP 16 BQ 5745 ਉੱਤੇ ਜਾ ਰਹੇ ਸਨ।