ਕੇਂਦਰੀ ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਕਿਹਾ ਹੈ ਕਿ ਬਿਜਲੀ ਵੰਡ ਕੰਪਨੀਆਂ ਨੂੰ ਵਿੱਤੀ ਪੱਖੋਂ ਲੀਹ ’ਤੇ ਲਿਆਉਣ ਦੀ ‘ਉਦੇ’ (UDAY – ਉੱਜਵਲ ਡਿਸਕੌਮ ਐਸ਼ਯੋਰੈਂਸ ਯੋਜਨਾ) ਸਫ਼ਲ ਰਹੀ ਹੈ। ਇਸ ਨਾਲ ਬਿਜਲੀ ਵੰਡਣ ਵਾਲੀਆਂ ਕੰਪਨੀਆਂ ਦਾ ਨੁਕਸਾਨ ਘਟਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਹੋਰ ਸੁਧਾਰ ਲਿਆਉਂਦਿਆਂ ਨਵੀਂ ਉਦੇ ਯੋਜਨਾ ਦਾ ਐਲਾਨ ਅਗਲੇ ਬਜਟ ’ਚ ਕੀਤਾ ਜਾ ਸਕਦਾ ਹੈ।
ਚੇਤੇ ਰਹੇ ਕਿ ਕੇਂਦਰੀ ਵਿੱਤ ਮੰਤਰੀ ਆਉਂਦੀ ਇੱਕ ਫ਼ਰਵਰੀ ਨੂੰ 2020–21 ਦਾ ਬਜਟ ਪੇਸ਼ ਕਰਨਗੇ। ਪਾਵਰ ਫ਼ਾਈਨਾਂਸ ਕਾਰਪੋਰੇਸ਼ਨ (PFC) ਦੇ 75 ਕਰੋੜ ਡਾਲਰ ਦੇ ਕੌਮਾਂਤਰੀ ਬਾਂਡ ਦੇ NSE IFAC ਗਿਫ਼ਟ ਸਿਟੀ ’ਚ ਸੂਚੀਬੱਧ ਹੋਣ ਣੇ ਮੌਕੇ ’ਤੇ ਆਯੋਜਿਤ ਪ੍ਰੋਗਰਾਮ ਦੌਰਾਨ ਸ੍ਰੀ ਆਰਕੇ ਸਿੰਘ ਨੇ ਦੱਸਿਆ ਕਿ ਅਸੀਂ ਵਿੱਤ ਮੰਤਰਾਲੇ ਦੀ ਨਵੀਂ ਉਦੇ ਯੋਜਨਾ ਬਾਰੇ ਚਰਚਾ ਕੀਤੀ ਹੈ, ਸਾਨੂੰ ਬਜਟ ’ਚ ਇਸ ਦਾ ਐਲਾਨ ਹੋਣ ਦੀ ਆਸ ਹੈੇ।
ਦੇਸ਼ ’ਚ ਬਿਜਲੀ ਉਪਲਬਧਤਾ ਬਾਰੇ ਮੰਤਰੀ ਨੇ ਦੱਸਿਆ ਕਿ ਹੁਣ ਵੱਡੇ ਸ਼ਹਿਰਾਂ ’ਚ 23 ਤੋਂ 24 ਘੰਟੇ ਬਿਜਲੀ ਮਿਲ ਰਹੀ ਹੈ; ਜਦ ਕਿ ਛੋਟੇ ਸ਼ਹਿਰਾਂ ’ਚ ਇਹ 22 ਘੰਟੇ ਤੇ ਪਿੰਡਾਂ ਵਿੱਚ 18 ਤੋਂ 20 ਘੰਟਿਆਂ ਦੀ ਬਿਜਲੀ ਉਪਲਬਧਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਲਬਧਤਾ 24 ਘੰਟਿਆਂ ਤੱਕ ਪਹੁੰਚਾਈ ਜਾਣੀ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਕਈ ਯੋਜਨਾਵਾਂ ਐਲਾਨੀਆਂ ਜਾਂਦੀਆਂ ਸਨ ਪਰ ਹੁਣ ਇੱਕ–ਦੋ ਯੋਜਨਾਵਾਂ ਹੀ ਹੋਇਆ ਕਰਨਗੀਆਂ ਤੇ ਸਰਕਾਰ ਉਨ੍ਹਾਂ ਰਾਹੀਂ ਹੀ ਆਪਣੇ ਕੰਮ ਕਰੇਗੀ। ਮੰਤਰੀ ਨੇ ਇਹ ਵੀ ਕਿਹਾ ਕਿ ਰਾਜਾਂ ਨੂੰ ਕੇਂਦਰ ਤੋਂ ਬਿਜਲੀ ਖੇਤਰ ਨਾਲ ਜੁੜੇ ਸਾਰੇ ਲਾਭ ਹਾਸਲ ਕਰਨ ਲਈ ਨੁਕਸਾਨ ਘਟਾਉਣਾ ਹੋਵੇਗਾ।
ਬਿਜਲੀ ਟ੍ਰਾਂਸਮਿਸ਼ਨ ਕੰਪਨੀਆਂ ਦੇ ਨੁਕਸਾਨ ਨੂੰ 15 ਫ਼ੀ ਸਦੀ ਘਟਾਉਣ ਦਾ ਟੀਚਾ ਰੱਖਦਿਆਂ ਆਰਕੇ ਸਿੰਘ ਨੇ ਕਿਹਾ ਕਿ ਰਾਜਾਂ ਨੂੰ ਸਬਸਿਡੀ ਬਾਰੇ ਫ਼ੈਸਲਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਉਦੇ ਨਾਕਾਮ ਨਹੀਂ ਹੋਈ ਹੈ। ਅਸੀਂ ਵੰਡ ਕੰਪਨੀਆਂ ਦਾ ਨੁਕਸਾਨ ਔਸਤਨ 22 ਫ਼ੀ ਸਦੀ ਤੋਂ ਘੱਟ ਕਰ ਕੇ ਲਗਭਗ 18 ਫ਼ੀ ਸਦੀ ਉੱਤੇ ਲਾਇਆ ਹੈ ਤੇ ਇਸ ਨੂੰ ਹੋਰ ਘਟਾ ਕੇ 15 ਫ਼ੀ ਸਦੀ ਕਰਨ ਦਾ ਟੀਚਾ ਹੈ।
ਪਿਛਲੇ ਵਰ੍ਹੇ ਅਗਸਤ ਮਹੀਨੇ ਦੌਰਾਨ ਕੇਂਦਰ ਨੇ ਬਿਜਲੀ ਵੰਡ ਕੰਪਨੀਆਂ ਵੱਲੋਂ ਬਿਜਲੀ ਖ਼ਰੀਦ ਲਈ ਸਾਖ਼–ਪੱਤਰ ਉਪਲਬਧ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ।