ਸਰਕਾਰ ਦੇ 100 ਦਿਨ ਮੁਕੰਮਲ ਹੋਣ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਯੁੱਧਿਆ ਪੁੱਜ ਗਏ ਹਨ। ਸ੍ਰੀ ਠਾਕਰੇ ਦਾ ਸੁਆਗਤ ਕਰਦਿਆਂ ਉਨ੍ਹਾਂ ਨੂੰ ਗਾਰਡ ਆੱਫ਼ ਆੱਨਰ ਦਿੱਤਾ ਗਿਆ।
ਸ੍ਰੀ ਠਾਰਕੇ ਨੇ ਅੱਜ ਰਾਮਲਲਾ ਦੇ ਦਰਬਾਰ ’ਚ ਮੱਥਾ ਟੇਕਿਆ ਤੇ ਹਨੂਮਾਨਗੜ੍ਹ ਦੇ ਦਰਸ਼ਨ ਵੀ ਕੀਤੇ। ਪਰ ਉਨ੍ਹਾਂ ਸਰਯੂ ਆਰਤੀ ਵਿੱਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ। ਦਰਅਸਲ, ਅਜਿਹਾ ਕਦਮ ਕੋਰੋਨਾ ਵਾਇਰਸ ਕਾਰਨ ਅਹਿਤਿਆਤ ਵਜੋਂ ਚੁੱਕਿਆ ਗਿਆ ਹੈ।
ਰਾਮਲਲਾ ਦੇ ਦਰਸ਼ਨ ਕਰਦਿਆਂ ਸ੍ਰੀ ਠਾਕਰੇ ਨੇ ਕਿਹਾ ਕਿ ਉਹ ਅਯੁੱਧਿਆ ’ਚ ਭਗਵਾਨ ਸ਼੍ਰੀਰਾਮ ਦੇ ਮੰਦਰ ਦੀ ਉਸਾਰੀ ਲਈ ਇੱਕ ਕਰੋੜ ਰੁਪਏ ਦਾਨ ਕਰਨਗੇ।
ਸ੍ਰੀ ਊਧਵ ਠਾਕਰੇ ਨੇ ਸਪੱਸ਼ਟ ਕੀਤਾ ਕਿ ਉਹ ਮੰਦਰ–ਉਸਾਰੀ ਲਈ ਇੱਕ ਕਰੋੜ ਰੁਪਏ ਦੀ ਰਕਮ ਮਹਾਰਾਸ਼ਟਰ ਸਰਕਾਰ ਦੀ ਤਰਫ਼ੋਂ ਨਹੀਂ, ਸਗੋਂ ਪੱਲਿਓਂ ਦਾਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਯੁੱਧਿਆ ’ਚ ਸਿਰਫ਼ ਰਾਮਲਲਾ ਦੇ ਦਰਸ਼ਨਾਂ ਲਈ ਹੀ ਆਏ ਹਨ।
ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਇੱਥੇ ਆਏ ਸਨ, ਤਦ ਕਿਹਾ ਸੀ ਕਿ ਉਹ ਇੱਥੇ ਵਾਰ–ਵਾਰ ਆਉਣਗੇ। ਉਹ ਡੇਢ ਸਾਲ ’ਚ ਤੀਜੀ ਵਾਰ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ – ‘ਮੇਰੀ ਬਹੁਤ ਇੱਛਾ ਸੀ ਕਿ ਸਰਯੂ ਆਰਤੀ ਕਰ ਕੇ ਜਾਵਾਂ। ਪਰ ਜਿਸ ਤਰ੍ਹਾਂ ਕੋਰੋਨਾ ਵਾਇਰਸ ਦੀ ਦਹਿਸ਼ਤ ਸਮੁੱਚੇ ਵਿਸ਼ਵ ’ਚ ਫੈਲੀ ਹੋਈ ਹੈ, ਐਤਕੀਂ ਤਾਂ ਨਹੀਂ, ਅਗਲੀ ਵਾਰ ਆਰਤੀ ਕਰਾਂਗਾ।’
ਸ੍ਰੀ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੂੰ ਚੇਤੇ ਹੈ ਕਿ ਜਦੋਂ ਮੇਰੇ ਪਿਤਾ ਜੀ ਇੱਥੇ ਆਏ ਸਨ। ਮਹਾਰਾਸ਼ਟਰ ਦੇ ਪਿੰਡ–ਪਿੰਡ ਤੋਂ ਇੱਥੇ ਪੱਥਰ ਭੇਜੇ ਗਏ ਸਨ। ਮੈਂ ਆਪਣੇ ਟ੍ਰੱਸਟ ਵੱਲੋਂ ਇੱਥੇ 1 ਕਰੋੜ ਰੁਪਏ ਦੀ ਰਕਮ ਮੰਦਰ ਦੀ ਉਸਾਰੀ ਲਈ ਦੇ ਰਿਹਾ ਹਾਂ।