ਜੰਮੂ–ਕਸ਼ਮੀਰ ਵਿੱਚ ਹਾਲੇ ਅਨਿਸ਼ਚਤਤਾ ਤੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਆਮ ਲੋਕਾਂ ਵਿੱਚ ਕੁਝ ਅਜੀਬ ਜਿਹੀਆਂ ਸਰਕਾਰੀ ਗਤੀਵਿਧੀਆਂ ਕਾਰਨ ਡਰ ਤੇ ਸਹਿਮ ਵਾਲਾ ਮਾਹੌਲ ਹੈ। ਦਰਅਸਲ, ਅਜਿਹਾ ਮਾਹੌਲ ਕੱਲ੍ਹ ਸ਼ਾਮ ਤੋਂ ਹੀ ਬਣਨ ਲੱਗ ਪਿਆ ਸੀ, ਜਦੋਂ ਸਭ ਤੋਂ ਪਹਿਲਾਂ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।
ਫਿਰ ਅੱਜ ਸੋਮਵਾਰ 5 ਅਗਸਤ ਨੂੰ ਸਾਰੇ ਸਕੂਲ ਤੇ ਕਾਲਜ ਵੀ ਬੰਦ ਰੱਖਣਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਸਮੁੱਚੇ ਸੂਬੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਝ ਹੁਣ ਸੂਬੇ ਵਿੱਚ ਕਿਤੇ ਕੋਈ ਜਲਸਾ–ਜਲੂਸ ਤੇ ਇਕੱਠ ਨਹੀਂ ਕੀਤਾ ਜਾ ਸਕੇਗਾ।
ਇਸ ਵੇਲੇ ਜੰਮੂ–ਕਸ਼ਮੀਰ ਵਿੱਚ ਨੀਮ ਫ਼ੌਜੀ ਬਲਾਂ ਦੀਆਂ 40 ਕੰਪਨੀਆਂ ਤਾਇਨਾਤ ਹਨ। ਉੱਧਰ ਰਾਜਪਾਲ ਸ੍ਰੀ ਸੱਤਿਆ ਪਾਲ ਮਲਿਕ ਨੇ ਸੂਬੇ ਦੇ ਡੀਜੀਪੀ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਨਵੀਂ ਦਿੱਲੀ ਸਥਿਤ ਕੇਂਦਰੀ ਕੈਬਿਨੇਟ ਦੀ ਮੀਟਿੰਗ ਅੱਜ ਸਵੇਰੇ 9:30 ਵਜੇ ਹੈ।
ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਫ਼ਾਰੂਕ ਅਬਦੁੱਲ੍ਹਾ ਦੇ ਨਾਲ–ਨਾਲ ਕਾਂਗਰਸੀ ਆਗੂ ਉਸਮਾਨ ਮਾਜਿਦ ਅਤੇ ਸੀਪੀਆਈ (ਐੱਮ) ਦੇ ਆਗੂ ਐੱਮ.ਵਾਈ. ਤਾਰੀਗਾਮੀ ਨੂੰ ਰਾਤੀਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਂਝ ਸਰਕਾਰੀ ਤੌਰ ਉੱਤੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਇਹ ਸਾਰੇ ਆਗੂ ਆਪੋ–ਆਪਣੇ ਘਰਾਂ ਵਿੱਚ ਹੀ ਨਜ਼ਰਬੰਦ ਰਹਿਣਗੇ।
ਪਤਾ ਲੱਗਾ ਹੈ ਕਿ ਅੱਤਵਾਦੀ ਧਮਕੀਆਂ ਤੇ ਕੰਟਰੋਲ ਰੇਖਾ ਉੱਤੇ ਪਾਕਿਸਤਾਨ ਨਾਲ ਤਣਾਅ ਦੇ ਚੱਲਦਿਆਂ ਅੱਜ ਕਸ਼ਮੀਰ ਵਾਦੀ ਵਿੱਚ ਕਰਫ਼ਿਊ ਲਾਏ ਜਾਣ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ।
ਸਾਰੇ ਸਰਕਾਰੀ ਅਧਿਕਾਰੀਆਂ ਆਖਿਆ ਗਿਆ ਹੈ ਕਿ ਉਹ ਆਪਣਾ ਸ਼ਨਾਖ਼ਤੀ ਕਾਰਡ ਆਪਣੇ ਨਾਲ ਰੱਖਣ।
ਅਜਿਹੇ ਹਾਲਾਤ ਵਿੱਚ ਸਾਰੇ ਸੈਲਾਨੀ ਜੰਮੂ–ਕਸ਼ਮੀਰ ਵਿੱਚੋਂ ਬਾਹਰ ਜਾ ਚੁੱਕੇ ਹਨ ਤੇ ਜਿਸ ਕਾਰਨ ਸੈਰ–ਸਪਾਟਾ ਉਦਯੋਗ ਨਾਲ ਜੁੜੇ ਜ਼ਿਆਦਾਤਰ ਲੋਕ ਬੇਕਾਰ ਹੋ ਕੇ ਰਹਿ ਗਏ ਹਨ।