ਖ਼ਤਰਨਾਕ ਅੰਡਰ–ਵਰਲਡ ਡੌਨ ਰਵੀ ਪੁਜਾਰੀ ਨੂੰ ਦੱਖਣੀ ਅਫ਼ਰੀਕਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਰਨਾਟਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਾਅਦ ਭਗੌੜੇ ਗੈਂਗਸਟਰ ਨੂੰ ਅੱਜ ਸੋਮਵਾਰ ਨੂੰ ਭਾਰਤ ਲਿਆਂਦਾ ਗਿਆ। ਕਤਲ, ਨਸ਼ਿਆਂ ਦੀ ਸਮੱਗਲਿੰਗ ਤੇ ਫਿਰੌਤੀ ਜਿਹੇ ਅਪਰਾਧਾਂ ਵਿੱਚ ਸ਼ਾਮਲ ਰਵੀ ਪੁਜਾਰੀ ਨੂੰ ਭਲਕੇ ਮੈਜਿਸਟ੍ਰੇਟ ਸਾਹਵੇਂ ਪੇਸ਼ ਕੀਤਾ ਜਾਵੇਗੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੈਂਗਸਟਰ ਦੀ ਨਿਆਇਕ ਹਿਰਾਸਤ ਦੀ ਮੰਗ ਕੀਤੀ ਜਾਵੇਗੀ। ਉਹ ਪੂਰੀ ਤਰ੍ਹਾਂ ਫ਼ਿੱਟ ਹੈ ਤੇ ਜਾਂਚ ਪ੍ਰਕਿਰਿਆ ’ਚ ਸਹਿਯੋਗ ਦੇ ਰਿਹਾ ਹੈ।
52 ਸਾਲਾ ਰਵੀ ਪੁਜਾਰੀ ਦਾ ਜਨਮ ਕਰਨਾਟਕ ’ਚ ਮੈਂਗਲੁਰੂ ਦੇ ਮਾਲਪੇ ’ਚ ਹੋਇਆ ਸੀ। ਉਹ ਅੰਗਰੇਜ਼ੀ, ਹਿੰਦੀ ਤੇ ਕੰਨੜ ਭਾਸ਼ਾਵਾਂ ਦਾ ਜਾਣਕਾਰ ਹੈ। ਲਗਾਤਾਰ ਫ਼ੇਲ੍ਹ ਹੁੰਦਾ ਰਹਿਣ ਕਾਰਨ ਉਸ ਨੂੰ ਸਕੂਲ ’ਚੋਂ ਕੱਢ ਦਿੱਤਾ ਗਿਆ ਸੀ।
ਉਸ ਦੇ ਪਰਿਵਾਰ ’ਚ ਪਤਨੀ, ਦੋ ਧੀਆਂ ਤੇ ਇੱਕ ਪੁੱਤਰ ਹਨ। 28 ਸਾਲਾ ਪੁੱਤਰ ਦਾ ਪਿੱਛੇ ਜਿਹੇ ਆਸਟ੍ਰੇਲੀਆ ’ਚ ਵਿਆਹ ਹੋਇਆ ਸੀ। ਰਵੀ ਪੁਜਾਰੀ ਸਭ ਤੋਂ ਪਹਿਲਾਂ 2000 ਦੇ ਸ਼ੁਰੂਆਤੀ ਦਹਾਕੇ ’ਚ ਸੁਰਖ਼ੀਆਂ ’ਚ ਆਇਆ ਸੀ; ਜਦੋਂ ਉਸ ਨੇ ਬਾਲੀਵੁੱਡ ਦੀਆਂ ਪ੍ਰਸਿੱਧ ਹਸਤੀਆਂ ਤੇ ਬਿਲਡਰਾਂ ਤੋਂ ਵਸੂਲੀ ਕਰਨੀ ਸ਼ੁਰੂ ਕੀਤੀ ਸੀ।
ਉਹ ਮੁੰਬਈ ਦੇ ਵੱਕਾਰੀ ਵਕੀਲ ਦੇ ਕਤਲ ਦੀ ਕੋਸ਼ਿਸ਼ ਵਿੱਚ ਵੀ ਸ਼ਾਮਲ ਸੀ। ਪੁਜਾਰੀ ਦੀ ਪਤਨੀ ਪਦਮਾ ਤੇ ਬੱਚੇ ਵੀ ਭਾਰਤ ਤੋਂ ਭੱਜ ਗਏ ਸਨ ਤੇ ਉਨ੍ਹਾਂ ਵਿੱਚੋਂ ਕੁਝ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਬੁਰਕੀਨਾ ਫ਼ਾਸੋ ਦਾ ਪਾਸਪੋਰਟ ਵੀ ਲੈ ਲਿਆ ਸੀ।
1990 ’ਚ ਰਵੀ ਪੁਜਾਰੀ ਮੁੰਬਈ ਦੇ ਅੰਧੇਰੀ ਇਲਾਕੇ ’ਚ ਰਹਿੰਦਾ ਸੀ। ਤਦ ਹੀ ਉਹ ਖ਼ਤਰਨਾਕ ਅਪਰਾਧੀਆਂ ਦੇ ਨਾਲ–ਨਾਲ ਛੋਟਾ ਰਾਜਨ ਦੇ ਸੰਪਰਕ ਵਿੱਚ ਆਇਆ ਸੀ। 1995 ’ਚ ਬਿਲਡਰ ਪ੍ਰਕਾਸ਼ ਕੁਕਰੇਜਾ ਦੀ ਚੈਂਬੂਰ ਇਲਾਕੇ ’ਚ ਹੱਤਿਆ ਕਰ ਕੇ ਉਹ ਅਚਾਨਕ ਸੁਰਖ਼ੀਆਂ ’ਚ ਆ ਗਿਆ ਸੀ।
2000 ’ਚ ਬੈਂਕਾਕ ਵਿੱਚ ਛੋਟਾ ਰਾਜਨ ਉੱਤੇ ਦਾਊਦ ਇਬਰਾਹਿਮ ਦੇ ਚਮਚਿਆਂ ਦੇ ਹਮਲੇ ਤੋਂ ਬਾਅਦ ਉਸ ਨੇ ਖ਼ੁਦ ਦਾ ਗਿਰੋਹ ਬਣਾਇਆ ਸੀ।