ਦੇਸ਼ ਦੀ ਰਾਜਧਾਨੀ ਦਿੱਲੀ ਦੇ ਸ਼ਾਲੀਮਾਰ ਬਾਗ਼ ਇਲਾਕੇ ’ਚ ਐਤਵਾਰ ਦੀ ਰਾਤ ਨੂੰ ਇੱਕ ਵਿਅਕਤੀ ਨੇ ਪਹਿਲਾਂ ਆਪਣੇ ਦੋ ਬੱਚਿਆਂ ਦੇ ਗਲ਼ੇ ਘੁੱਟ ਕੇ ਉਨ੍ਹਾਂ ਦਾ ਕਤਲ ਕੀਤਾ ਤੇ ਫਿਰ ਉਸ ਨੇ ਮੈਟਰੋ ਰੇਲ–ਗੱਡੀ ਅੱਗੇ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਬੇਰੁਜ਼ਗਾਰ ਸੀ ਤੇ ਉਸ ਦੀ ਆਰਥਿਕ ਹਾਲਤ ਠੀਕ ਨਹੀਂ ਸੀ। ਇਸੇ ਲਈ ਉਹ ਕੁਝ ਪਰੇਸ਼ਾਨ ਸੀ ਤੇ ਘੋਰ–ਨਿਰਾਸ਼ਾ ਭਾਵ ਡੀਪ੍ਰੈਸ਼ਨ ’ਚ ਚੱਲ ਰਿਹਾ ਸੀ। ਇਸੇ ਲਈ ਫ਼ਿਲਹਾਲ ਪੁਲਿਸ ਇਹੋ ਖ਼ਦਸ਼ਾ ਪ੍ਰਗਟਾ ਰਹੀ ਹੈ ਕਿ ਇਸ ਵਿਅਕਤੀ ਨੇ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ।
ਪਿਤਾ ਦਾ ਨਾਂਅ ਮਧੁਰ ਸੀ। ਉਸ ਨੇ ਪਹਿਲਾਂ 14 ਸਾਲਾਂ ਦੀ ਸਮੀਖਿਆ ਤੇ 6 ਸਾਲਾ ਸ਼੍ਰੇਆਂਸ ਦਾ ਕਤਲ ਕੀਤਾ ਤੇ ਫਿਰ ਮੈਟਰੋ ਸਟੇਸ਼ਨ 'ਤੇ ਜਾ ਕੇ ਰੇਲ ਅੱਗੇ ਛਾਲ਼ ਮਾਰ ਦਿੱਤੀ।
ਪੁਲਿਸ ਨੇ ਲਾਸ਼ਾਂ ਨੂੰ ਪੋਸਟ–ਮਾਰਟਮ ਲਈ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਦੀ ਪਤਨੀ ਤੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਤਾ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਘਟਨਾ ਤੋਂ ਬਾਅਦ ਰੇਲਵੇ ਸਟੇਸ਼ਨ ’ਤੇ ਭਾਜੜਾਂ ਮਚ ਗਈਆਂ। ਸਟੇਸ਼ਨ ’ਤੇ ਤਾਇਨਾਤ ਸੁਰੱਖਿਆ ਜਵਾਨਾਂ ਨੇ ਉਸ ਦੀ ਲਾਸ਼ ਨੂੰ ਪਟੜੀ ਤੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਇਸ ਕਾਰਨ ਕੁਝ ਦੇਰ ਲਈ ਮੈਟਰੋ ਰੇਲ–ਸੇਵਾ ਰੋਕਣੀ ਪਈ। ਲੋਕਾਂ ਨੂੰ ਕੁਝ ਦੇਰ ਤੱਕ ਸਟੇਸ਼ਨ ’ਤੇ ਹੀ ਉਡੀਕ ਕਰਨੀ ਪਈ।
ਦਿੱਲੀ ਮੈਟਰੋ ਰੇਲ ਨਿਗਮ (DMRC) ਨੇ ਇਸ ਘਟਨਾ ਨੂੰ ਲੈ ਕੇ ਟਵੀਟ ਵੀ ਕੀਤਾ ਹੈ। ਟਵੀਟ ’ਚ ਲਿਖਿਆ ਹੈ ਕਿ ਹੈਦਰਪੁਰ ਬਾਦਲੀ ਮੋੜ ਉੱਤੇ ਇੱਕ ਯਤਰੀ ਦੇ ਪਟੜੀ ਉੱਤੇ ਆ ਜਾਣ ਕਾਰਨ ਸਮਯਪੁਰ ਬਾਦਲੀ ਤੋਂ ਜੀਟੀਬੀ ਨਗਰ ਵਿਚਾਲੇ ਮੈਟਰੋ ਰੇਲ ਸੇਵਾ ’ਚ ਕੁਝ ਦੇਰੀ ਹੋਈ।
ਲਗਭਗ 15 ਮਿੰਟਾਂ ਪਿੱਛੋਂ DMRC ਨੇ ਇੱਕ ਹੋਰ ਟਵੀਟ ਕਰ ਕੇ ਦੱਸਿਆ ਕਿ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਦਿੱਲੀ ਮੈਟਰੋ ਦੀ ਯੈਲੋ ਲਾਈਨ ਦਿੱਲੀ ਦੇ ਸਮਯਪੁਰ ਬਾਦਲੀ ਨੂੰ ਗੁਰੂਗ੍ਰਾਮ ਦੇ ਹੁੱਡਾ ਸਿਟੀ ਸੈਂਟਰ ਨਾਲ ਜੋੜਦੀ ਹੈ।