ਧਾਰਾ 370 ਦੇ ਖਾਤਮੇ ਦੇ ਪੰਜ ਮਹੀਨਿਆਂ ਬਾਅਦ ਕੁਝ ਕੇਂਦਰੀ ਮੰਤਰੀ ਹੁਣ ਜੰਮੂ-ਕਸ਼ਮੀਰ ਦਾ ਦੌਰਾ ਕਰ ਸਕਦੇ ਹਨ। ਮੰਤਰੀ ਉਥੇ ਜ਼ਮੀਨੀ ਸਥਿਤੀ ਦੀ ਸਮੀਖਿਆ ਕਰਨਗੇ ਤੇ ਕੇਂਦਰ ਦੀਆਂ ਯੋਜਨਾਵਾਂ ਬਾਰੇ ਗੱਲ ਕਰਨਗੇ। ਇਸ ਨਾਲ ਜੁੜੇ ਇਕ ਵਿਅਕਤੀ ਨੇ ਦੱਸਿਆ ਕਿ 5 ਅਗਸਤ ਤੋਂ ਬਾਅਦ ਇਸ ਤਰ੍ਹਾਂ ਦਾ ਪਹਿਲਾ ਦੌਰਾ 19 ਜਨਵਰੀ ਤੋਂ 24 ਜਨਵਰੀ ਦੇ ਵਿਚਕਾਰ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਕ ਪ੍ਰਸਤਾਵ ਹੈ ਕਿ ਮੰਤਰੀਆਂ ਦਾ ਇਕ ਸਮੂਹ ਉਥੇ ਦੌਰਾ ਕਰੇਗਾ। ਉਹ ਜ਼ਮੀਨੀ ਸਥਿਤੀ 'ਤੇ ਫੀਡਬੈਕ ਲੈਣਗੇ ਤੇ ਲੋਕਾਂ ਤੱਕ ਵੀ ਪਹੁੰਚਾਉਣਗੇ ਕਿ ਇਸ ਕਦਮ ਨਾਲ ਕਿਵੇਂ ਤਬਦੀਲੀਆਂ ਹੋਈਆਂ ਜਿਸ ਨਾਲ ਲੋਕਾਂ ਨੂੰ ਵੱਡੇ ਪੱਧਰ 'ਤੇ ਫਾਇਦਾ ਹੋਵੇਗਾ।
ਮੰਤਰੀਆਂ ਦਾ ਸਮੂਹ ਜੰਮੂ-ਕਸ਼ਮੀਰ ਦੇ ਵੱਖ-ਵੱਖ ਜ਼ਿਲ੍ਹਿਆਂ ਦਾ ਦੌਰਾ ਕਰ ਸਕਦਾ ਹੈ। ਗ੍ਰਹਿ ਰਾਜ ਮੰਤਰੀ ਕਿਸ਼ਨ ਰੈੱਡੀ, ਕਾਨੂੰਨ ਅਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਰਸਾਦ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ, ਖੇਡ ਅਤੇ ਯੁਵਾ ਮਾਮਲੇ ਮੰਤਰੀ ਕਿਰਨ ਰਿਜੀਜੂ, ਅਨੁਰਾਗ ਠਾਕੁਰ, ਪ੍ਰਹਿਲਾਦ ਜੋਸ਼ੀ ਅਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਇਸ ਦੌਰੇ ਦਾ ਹਿੱਸਾ ਬਣ ਸਕਦੇ ਹਨ।
ਦੱਸ ਦੇਈਏ ਕਿ ਪਿਛਲੇ ਹਫਤੇ ਭਾਰਤ ਵਿੱਚ ਅਮਰੀਕੀ ਰਾਜਦੂਤ ਕੇਨੇਥ ਆਈ ਜੈਸਟਰ ਸਮੇਤ 16 ਦੇਸ਼ਾਂ ਦੇ ਡਿਪਲੋਮੈਟਾਂ ਨੂੰ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਲਿਆ ਗਿਆ ਸੀ। ਪਿਛਲੇ ਸਾਲ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਖ਼ਤਮ ਕੀਤੇ ਜਾਣ ਤੋਂ ਬਾਅਦ ਡਿਪਲੋਮੈਟਾਂ ਦੁਆਰਾ ਇਹ ਪਹਿਲਾ ਦੌਰਾ ਸੀ।
ਦਿੱਲੀ ਤੋਂ ਡਿਪਲੋਮੈਟ ਹਵਾਈ ਜਹਾਜ਼ ਰਾਹੀਂ ਸ੍ਰੀਨਗਰ ਲਈ ਉਡਾਣ ਭਰ ਕੇ ਉਥੋਂ ਜੰਮੂ ਲਈ ਰਵਾਨਾ ਹੋਏ। ਇਨ੍ਹਾਂ ਚ ਬੰਗਲਾਦੇਸ਼, ਵੀਅਤਨਾਮ, ਨਾਰਵੇ, ਮਾਲਦੀਵ, ਦੱਖਣੀ ਕੋਰੀਆ, ਮੋਰੱਕੋ, ਨਾਈਜੀਰੀਆ ਆਦਿ ਦੇਸ਼ਾਂ ਦੇ ਡਿਪਲੋਮੈਟ ਸ਼ਾਮਲ ਸਨ।