ਸੰਯੁਕਤ ਰਾਸ਼ਟਰ ਦੇ ਸਕੱਤਰ–ਜਨਰਲ ਐਂਟੋਨੀਓ ਗੁਟੇਰੇਸ ਦੇ ਅਗਲੇ ਹਫ਼ਤੇ ਮੰਗਲਵਾਰ ਨੂੰ ਕਰਤਾਰਪੁਰ ਸਾਹਿਬ ਪੁੱਜਣ ਦੀ ਆਸ ਹੈ। ਉਹ ਗੁਰਦੁਆਰਾ ਦਰਬਾਰ ਸਾਹਿਬ ਪੁੱਜਣਗੇ; ਜਿੱਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਬਿਤਾਏ ਸਨ।
ਸ੍ਰੀ ਗੁਟੇਰੇਸ ਐਤਵਾਰ ਨੂੰ ਹੀ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪੁੱਜ ਜਾਣਗੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਮੀਟਿੰਗਾਂ ਕਰਨਗੇ। ਉਹ ਟਿਕਾਊ ਵਿਕਾਸ ਤੇ ਵਾਤਾਵਰਣਕ–ਤਬਦੀਲੀਆਂ ਬਾਰੇ ਗੱਲਬਾਤ ਕਰਨਗੇ।
ਅਗਲੇ ਮੰਗਲਵਾਰ 18 ਫ਼ਰਵਰੀ ਨੂੰ ਸ੍ਰੀ ਐਂਟੋਨੀਓ ਗੁਟੇਰੇਸ ਕਰਤਾਰਪੁਰ ਸਾਹਿਬ ਦੇ ਦੌਰੇ ’ਤੇ ਹੋਣਗੇ। ਕਰਤਾਰਪੁਰ ਸਾਹਿਬ ਵਿਖੇ ਸਥਾਪਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਹੈ।
ਆਉਂਦੀ 17 ਫ਼ਰਵਰੀ ਨੂੰ ਸ੍ਰੀ ਗੁਟੇਰੇਸ ਪਾਕਿਸਤਾਨ ’ਚ ਅਫ਼ਗ਼ਾਨ ਸ਼ਰਨਾਰਥੀਆਂ ਦੇ 40 ਵਰ੍ਹੇ ਮੁਕੰਮਲ ਹੋਣ ਮੌਕੇ ਇੱਕ ਕੌਮਾਂਤਰੀ ਕਾਨਫ਼ਰੰਸ ਨੂੰ ਵੀ ਸੰਬੋਧਨ ਕਰਨਗੇ। ਇਹ ਕਾਨਫ਼ਰੰਸ ਪਾਕਿਸਤਾਨ ਸਰਕਾਰ ਨੇ ਰੱਖੀ ਹੈ।
ਸ੍ਰੀ ਗੁਟੇਰੇਸ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨਾਲ ਵੀ ਮੁਲਾਕਾਤ ਕਰਨਗੇ। ਸ੍ਰੀ ਗੁਟੇਰੇਸ 18 ਫ਼ਰਵਰੀ ਨੂੰ ਲਾਹੌਰ ’ਚ ਹੋਣਗੇ, ਜਿੱਥੇ ਉਹ ਪਾਕਿਸਤਾਨ ਦੀ ਪੋਲੀਓ ਟੀਕਾਕਰਣ ਮੁਹਿੰਮ ਮੌਕੇ ਇੱਕ ਸਮਾਰੋਹ ’ਚ ਵਿਦਿਆਰਥੀਆਂ ਨਾਲ ਮੁਲਾਕਾਤ ਕਰਨਗੇ।
19 ਫ਼ਰਵਰੀ ਨੂੰ ਨਿਊ ਯਾਰਕ ਪਰਤਣ ਤੋਂ ਪਹਿਲਾਂ ਸ੍ਰੀ ਐਂਟੋਨੀਓ ਗੁਟੇਰੇਸ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜਾਣਗੇ। ਪਿਛਲੇ ਵਰ੍ਹੇ 9 ਨਵੰਬਰ ਨੂੰ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਗਿਆ ਸੀ, ਤਦ ਵੀ ਸੰਯੁਕਤ ਰਾਸ਼ਟਰ ਮੁਖੀ ਨੇ ਇਸ ਕਦਮ ਦਾ ਸੁਆਗਤ ਕੀਤਾ ਸੀ।
ਕਰਤਾਰਪੁਰ ਸਾਹਿਬ ਲਾਂਘਾ ਦਰਅਸਲ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਨੂੰ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਕਸਬੇ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ।