ਉਨਾਓ ਬਲਾਤਕਾਰ ਕਾਂਡ ਦੇ ਮੁੱਖ ਮੁਲਜ਼ਮ ਅਤੇ ਭਾਰਤੀ ਜਨਤਾ ਪਾਰਟੀ (BJP) ’ਚੋਂ ਕੱਢੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਉੱਤੇ ਉੱਤਰ ਪ੍ਰਦੇਸ਼ ਪ੍ਰਸ਼ਾਸਨ ਦਾ ਸ਼ਿਕੰਜਾ ਹੁਣ ਲਗਾਤਾਰ ਕੱਸਦਾ ਹੀ ਜਾ ਰਿਹਾ ਹੈ। ਬਰੇਲੀ ਪ੍ਰਸ਼ਾਸਨ ਨੇ ਸੇਂਗਰ ਦੇ ਤਿੰਨੇ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇਹ ਕਾਰਵਾਈ ਹੁਣ ਉਨਾਓ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਹੈ।
ਸੇਂਗਰ ਦੇ ਨਾਂਅ ਉੱਤੇ ਇੱਕ ਬੰਦੂਕ, ਇੱਕ ਰਾਈਫ਼ਲ ਤੇ ਇੱਕ ਰਿਵਾਲਵਰ ਦੇ ਲਾਇਸੈਂਸ ਪਹਿਲਾਂ ਜਾਰੀ ਹੋ ਚੁੱਕੇ ਸਨ। ਜ਼ਿਲ੍ਹਾ ਮੈਜਿਸਟ੍ਰੇਟ ਦੇਵੇਂਦਰ ਕੁਮਾਰ ਪਾਂਡੇ ਨੇ ਇਸ ਮਾਮਲੇ ’ਚ ਸੁਣਵਾਈ ਕੀਤੀ ਸੀ; ਜਿਸ ਵਿਚ ਵਿਧਾਇਕ ਦਾ ਕੋਈ ਵਕੀਲ ਨਹੀਂ ਪੁੱਜਿਆ।
ਇਸ ਤੋਂ ਬਾਅਦ ਉਨ੍ਹਾਂ ਅਸਲਾ ਕਲਰਕ ਨੂੰ ਦਫ਼ਤਰ ਸੱਦ ਕੇ ਨਿਯਮਾਂ ਦੇ ਵੱਖੋ–ਵੱਖਰੇ ਨੁਕਤਿਆਂ ਬਾਰੇ ਵਿਚਾਰ–ਵਟਾਂਦਰਾ ਕੀਤਾ ਤੇ ਵਿਧਾਇਕ ਦੇ ਤਿੰਨੇ ਹਥਿਆਰਾਂ ਦਾ ਲਾਇਸੈਂਸ ਰੱਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ।
ਅਪ੍ਰੈਲ 2018 ’ਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਵਿਰੁੱਧ ਸਮੂਹਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਵਿਧਾਇਕ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਫ਼ਿਲਹਾਲ ਉਸ ਉੱਤੇ ਸੀਬੀਆਈ ਦੀ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ।
ਇਸ ਤੋਂ ਬਾਅਦ ਪੀੜਤ ਪੱਖ ਨੇ ਵਿਧਾਇਕ ਦੇ ਅਸਲਾ ਲਾਇਸੈਂਸ ਰੱਦ ਰੱਦ ਕਰਨ ਦੀ ਮੰਗ ਕੀਤੀ ਸੀ। ਇੱਥੇ ਵਰਨਣਯੋਗ ਹੈ ਕਿ ਉਨਾਓ ਵਿਧਾਇਕ ਕੁਲਦੀਪ ਸੇਂਗਰ ਉੱਤੇ ਜਬਰ–ਜਨਾਹ ਦਾ ਦੋਸ਼ ਲਾਉਣ ਵਾਲੀ ਪੀੜਤ ਕੁੜੀ ਰਾਹ ਵਿੱਚ ਸਡਕ ਹਾਦਸੇ ਦੀ ਸ਼ਿਕਾਰ ਹੋ ਗਈ ਸੀ।
ਟਰੱਕ ਤੇ ਕਾਰ ਵਿਚਾਲੇ ਹੋਈ ਉਸ ਟੱਕਰ ਵਿੱਚ ਕੁੜੀ ਦੀ ਚਾਚੀ ਤੇ ਮਾਸੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਉਹ ਖ਼ੁਦ ਇਸ ਵੇਲੇ ਗੰਭੀਰ ਜ਼ਖ਼ਮੀ ਹੈ। ਉਸ ਦਾ ਵਕੀਲ ਮਹਿੰਦਰ ਸਿੰਘ ਚੌਹਾਨ ਵੀ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਹੈ। ਉਨ੍ਹਾਂ ਦਾ ਇਲਾਜ ਇਸ ਵੇਲੇ ਲਖਨਊ ਦੇ ਹਸਪਤਾਲ ’ਚ ਚੱਲ ਰਿਹਾ ਹੈ।