ਕੋਰੋਨਾ ਵਾਇਰਸ ਦੀ ਤਬਾਹੀ ਦੇ ਮੱਦੇਨਜ਼ਰ ਪੂਰੇ ਭਾਰਤ 'ਚ ਲੌਕਡਾਊਨ ਲੱਗਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨੂੰ ਸੋਸ਼ਲ ਡਿਸਟੈਂਸਿੰਗ ਫ਼ਾਲੋ ਕਰਨ ਲਈ ਕਿਹਾ ਹੈ। ਅਜੇ ਵੀ ਬਹੁਤ ਸਾਰੇ ਲੋਕ ਹਨ, ਜੋ ਬਾਜ਼ ਨਹੀਂ ਆ ਰਹੇ ਅਤੇ ਪ੍ਰਧਾਨ ਮੰਤਰੀ ਦੀ ਅਪੀਲ ਦੀਆਂ ਧੱਜੀਆਂ ਉਡਾ ਰਹੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਨੇ ਕੋਰੋਨਾ ਲੌਕਡਾਊਨ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਜਕ ਦੂਰੀਆਂ ਦਾ ਪਾਲਣ ਕੀਤਾ ਅਤੇ ਦਰੱਖਤ 'ਤੇ ਆਪਣਾ ਘਰ ਬਣਾ ਲਿਆ।
ਉੱਤਰ ਪ੍ਰਦੇਸ਼ ਦੇ ਹਾਪੁੜ 'ਚ ਜ਼ਿਲ੍ਹਾ ਬਾਰ ਦੇ ਇੱਕ ਵਕੀਲ ਮੁਕੁਲ ਤਿਆਗੀ ਨੇ ਕੋਰੋਨਾ ਦੀ ਲਾਗ ਤੋਂ ਬਚਣ ਲਈ ਜੰਗਲ 'ਚ ਆਪਣਾ ਘਰ ਬਣਾਇਆ ਹੈ। ਇੱਥੇ ਮੁਕੁਲ ਖਾਣਾ-ਪੀਣਾ, ਰਹਿਣਾ ਅਤੇ ਧਾਰਮਿਕ ਕਿਤਾਬਾਂ ਪੜ੍ਹ ਕੇ ਲੌਕਡਾਊਨ ਦੀ ਪਾਲਣਾ ਕਰ ਰਹੇ ਹਨ। ਮੁਕੁਲ ਤਿਆਗੀ ਅਤੇ ਉਸ ਦਾ ਬੇਟਾ ਕੋਰੋਨਾ ਦੀ ਲਾਗ ਤੋਂ ਬਚਣ ਲਈ ਦਰੱਖਤ 'ਤੇ ਆਪਣਾ ਘਰ ਬਣਾ ਕੇ ਰਹਿ ਰਹੇ ਹਨ। ਟ੍ਰੀ ਹਾਊਸ 'ਚ ਰਹਿ ਕੇ ਮੁਕੁਲ ਤਿਆਗੀ ਨੂੰ ਏਅਰ-ਕੰਡੀਸ਼ਨਡ ਹਵਾ ਮਿਲ ਰਹੀ ਹੈ ਅਤੇ ਨਾਲ ਹੀ ਉੱਥੇ ਹੀ ਸੌਂਦੇ ਵੀ ਹਨ।
ਮੁਕੁਲ ਤਿਆਗੀ ਨੇ ਦੱਸਿਆ, "ਡਾਕਟਰਾਂ ਨੇ ਕਿਹਾ ਹੈ ਕਿ ਸਮਾਜਿਕ ਦੂਰੀ ਇਸ ਮਹਾਂਮਾਰੀ ਨੂੰ ਰੋਕਣ ਦਾ ਇੱਕੋ-ਇੱਕ ਰਸਤਾ ਹੈ। ਇਸੇ ਲਈ ਮੈਂ ਇਕਾਂਤ ਵਿੱਚ ਰਹਿਣ ਦਾ ਫ਼ੈਸਲਾ ਕੀਤਾ ਹੈ ਅਤੇ ਮੈਂ ਇਸ ਦਾ ਅਨੰਦ ਲੈ ਰਿਹਾ ਹਾਂ।"
ਮੁਕੁਲ ਤਿਆਗੀ ਨੇ ਕਿਹਾ, "ਮੈਨੂੰ ਇੱਥੇ ਕੋਈ ਸਮੱਸਿਆ ਨਹੀਂ ਹੈ। ਇੱਥੇ ਮੈਂ ਆਪਣੇ ਆਪ ਨੂੰ ਕੁਦਰਤ ਦੇ ਬਹੁਤ ਨੇੜੇ ਪਾ ਰਿਹਾ ਹਾਂ। ਮੈਂ ਰੁੱਖ ਉੱਤੇ ਬਣੇ ਘਰ ਤਕ ਪਹੁੰਚਣ ਲਈ ਇੱਕ ਪੌੜੀ ਰੱਖੀ ਹੈ, ਜਿਸ ਰਾਹੀਂ ਮੈਂ ਆਸਾਨੀ ਨਾਲ ਰੁੱਖ 'ਤੇ ਬਣੇ ਘਰ ਤਕ ਪਹੁੰਚ ਸਕਦਾ ਹਾਂ ਅਤੇ ਆਰਾਮ ਨਾਲ ਰਹਿੰਦਾ ਹਾਂ।"
ਦੱਸ ਦਈਏ ਕਿ ਪਿੰਡ ਅਸੌੜਾ ਦੇ ਰਹਿਣ ਵਾਲੇ ਮੁਕੁਲ ਤਿਆਗੀ ਹਾਪੁੜ ਵਿੱਚ ਜ਼ਿਲ੍ਹਾ ਬਾਰ ਦੇ ਵਕੀਲ ਹਨ ਅਤੇ ਇਨ੍ਹੀਂ ਦਿਨੀਂ ਕੋਰਟ-ਕਚਿਹਰੀ ਵੀ ਬੰਦ ਹੈ। ਇਸ ਕਾਰਨ ਮੁਕੁਲ ਵੀ ਘਰ 'ਚ ਹੀ ਸਨ। ਉਨ੍ਹਾਂ ਦਾ ਘਰ ਜੀਅ ਨਾ ਲੱਗਿਆ ਅਤੇ ਉਹ ਨੇੜਲੇ ਜੰਗਲ 'ਚ ਚਲੇ ਗਏ। ਉੱਥੇ ਜਾ ਕੇ ਉਨ੍ਹਾਂ ਨੇ ਦੋ ਦਿਨ ਮਿਹਨਤ ਕੀਤੀ ਅਤੇ ਇੱਕ ਦਰੱਖਤ 'ਤੇ ਲੱਕੜਾਂ ਵਿਛਾ ਕੇ ਟ੍ਰੀ ਹਾਊਸ ਬਣਾ ਦਿੱਤਾ।