ਦਿੱਲੀ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਦੀ ਜਿੱਤ ਦੀ ਖ਼ੁਸ਼ੀ ਵਿੱਚ ਉੱਤਰ ਪ੍ਰਦੇਸ਼ (UP) ਸਥਿਤ ਉਨ੍ਹਾਂ ਦੇ ਜੱਦੀ ਪਿੰਡ ਅਗਵਾਨਪੁਰ ’ਚ ਕੱਲ੍ਹ ਮੰਗਲਵਾਰ ਸ਼ਾਮੀਂ ਜਲੂਸ ਕੱਢਿਆ ਗਿਆ ਪਰ ਉੱਥੇ ਹੰਗਾਮਾ ਖੜ੍ਹਾ ਹੋ ਗਿਆ। ਇਸ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਰੌਲ਼ਾ–ਰੱਪਾ ਪਾਇਆ; ਜਿਸ ਤੋਂ ਬਾਅਦ ਪੁਲਿਸ ਦੀ ਟੀਮ ਉੱਤੇ ਪੁੱਜ ਗਈ।
ਆਮ ਲੋਕਾਂ ਦਾ ਦੋਸ਼ ਹੈ ਕਿ ਪੁਲਿਸ ਨੇ ਭੀੜ ਉੱਤੇ ਲਾਠੀਚਾਰਜ ਕੀਤਾ ਤੇ ਔਰਤਾਂ ਨਾਲ ਵੀ ਕਥਿਤ ਤੌਰ ’ਤੇ ਬਦਤਮੀਜ਼ੀ ਕੀਤੀ। ਸੋਸ਼ਲ ਮੀਡੀਆ ’ਤੇ ਕੁਝ ਔਰਤਾਂ ਦੀ ਵਿਡੀਓ ਵੀ ਵਾਇਰਲ ਕੀਤੀ ਗਈ। ਪਰ ਪੁਲਿਸ ਨੇ ਕਿਸੇ ਵੀ ਤਰ੍ਹਾਂ ਦੀ ਤਾਕਤ ਦੀ ਵਰਤੋਂ ਅਤੇ ਕੁੱਟਮਾਰ ਤੋਂ ਸਾਫ਼ ਇਨਕਾਰ ਕੀਤਾ।
ਪਰੀਕਸ਼ਿਤਗੜ੍ਹ ਦਾ ਪਿੰਡ ਅਗਵਾਨਪੁਰ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਮਾਨਤਉੱਲ੍ਹਾ ਖ਼ਾਨ ਦਾ ਜੱਦੀ ਪਿੰਡ ਹੈ। ਜੈਨਾ ਖ਼ਾਨ ਨਾਂਅ ਦੀ ਇੱਕ ਮੁਟਿਆਰ ਨੇ ਵਿਧਾਇਕ ਨੂੰ ਆਪਣਾ ਭਰਾ ਦੱਸਦਿਆਂ ਦੋਸ਼ ਲਾਇਆ ਕਿ ਪੁਲਿਸ ਨੇ ਲਾਠੀਚਾਰਜ ਕੀਤਾ ਤੇ ਔਰਤਾਂ ਨਾਲ ਕਥਿਤ ਤੌਰ ’ਤੇ ਬਦਤਮੀਜ਼ੀ ਕੀਤੀ ਗਈ। ਕੁਝ ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਵੀ ਲਿਆ।
ਮੇਰਠ ਦੇ ਐੱਸਪੀ (ਦੇਹਾਤ) ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਜਲੂਸ ਕੱਢੇ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਪੁਲਿਸ ਪਿੰਡ ਅਗਵਾਨਪੁਰ ਪੁੱਜੀ ਸੀ। ਲੋਕਾਂ ਨੂੰ ਧਾਰਾ–144 ਦਾ ਹਵਾਲਾ ਦਿੰਦਿਆਂ ਸ਼ਾਂਤੀ ਕਾਇਮ ਰੱਖਣ ਲਈ ਆਖਿਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਉੱਤੇ ਜੋ ਵੀ ਦੋਸ਼ ਲਾਏ ਗਏ ਹਨ, ਉਹ ਬੇਬੁਨਿਆਦ ਹਨ। ਸਭ ਕੁਝ ਸਾਜ਼ਿਸ਼ ਅਧੀਨ ਕੀਤਾ ਗਿਆ ਹੈ।
MLA ਸ੍ਰੀ ਅਮਾਨਤਉੱਲ੍ਹਾ ਖ਼ਾਨ ਦੇ ਕੁਝ ਪਰਿਵਾਰਕ ਮੈਂਬਰ ਹਾਲੇ ਪਿੰਡ ਅਗਵਾਨਪਰ ’ਚ ਹੀ ਰਹਿੰਦੇ ਹਨ। ਨਾਗਰਿਕਤਾ ਸੋਧ ਕਾਨੂੰਨ (CAA) ਦਾ ਵਿਰੋਧ ਕਰਨ ਲਈ ਪਹਿਲਾਂ ਹੋਏ ਰੋਸ ਮੁਜ਼ਾਹਰਿਆਂ ਦੌਰਾਨ ਵਾਪਰੀ ਹਿੰਸਾ ਵੇਲੇ ਵੀ ਇਹ ਪਿੰਡ ਕਾਫ਼ੀ ਸੁਰਖ਼ੀਆਂ ’ਚ ਰਿਹਾ ਸੀ।
ਇਸੇ ਪਿੰਡ ’ਚ ਦੋ ਹਫ਼ਤੇ ਪਹਿਲਾਂ ਵੀ ਜਾਮੀਆ ਦੇ ਵਿਦਿਆਰਥੀਆਂ ਨੇ ਜਲੂਸ ਦੌਰਾਨ ਫ਼ੇਸਬੁੱਕ ਤੋਂ ਲਾਈਵ ਪ੍ਰਸਾਰਣ ਕੀਤਾ ਸੀ ਤੇ ਨਾਅਰੇਬਾਜ਼ੀ ਕੀਤੀ ਸੀ।