ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਬੁੱਧਵਾਰ ਦੁਪਹਿਰ 1 ਵਜੇ ਦੇ ਕਰੀਬ ਇੱਕ ਦਰਦਨਾਕ ਹਾਦਸੇ 'ਚ 6 ਲੋਕਾਂ ਦੀ ਜਾਨ ਚਲੀ ਗਈ। ਪੰਜਾਬ ਤੋਂ ਵਾਪਸ ਆ ਰਹੇ ਮਜ਼ਦੂਰਾਂ ਨੂੰ ਮੁਜ਼ੱਫਰਨਗਰ-ਸਹਾਰਨਪੁਰ ਹਾਈਵੇਅ 'ਤੇ ਰੋਡਵੇਜ਼ ਦੀ ਬੱਸ ਨੇ ਦਰੜ ਦਿੱਤਾ। ਇਸ ਹਾਦਸੇ ਵਿੱਚ 6 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੇਰ ਰਾਤ ਸਾਰੇ ਜ਼ਖਮੀਆਂ ਨੂੰ ਮੇਰਠ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਦਰਦਨਾਕ ਹਾਦਸਾ ਮੇਰਠ ਦੇ ਘਲੌਲੀ ਚੌਕੀ ਤੋਂ ਅੱਗੇ ਰੋਹਾਨਾ ਟੋਲ ਪਲਾਜ਼ਾ ਨੇੜੇ ਵਾਪਰਿਆ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਰਹਿਣ ਵਾਲੇ ਕੁਝ ਮਜ਼ਦੂਰ ਪੰਜਾਬ ਤੋਂ ਪੈਦਲ ਆਪਣੇ ਘਰ ਆ ਰਹੇ ਸਨ। ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਨੇ ਉਨ੍ਹਾਂ ਨੂੰ ਦਰੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 6 ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਸਿਟੀ ਪੁਲਿਸ ਮੌਕੇ 'ਤੇ ਪਹੁੰਚ ਗਈ। ਸਾਰੇ ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਮੇਰਠ ਮੈਡੀਕਲ ਭੇਜਿਆ ਗਿਆ। ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਸਿਟੀ ਥਾਣੇ ਦੇ ਇੰਚਾਰਜ ਅਨਿਲ ਕਪਰਵਾਨ ਨੇ 6 ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੋ ਮਜ਼ਦੂਰਾਂ ਨਾਲ ਗੱਲਬਾਤ ਹੋਈ ਸੀ। ਉਨ੍ਹਾਂ ਨੇ ਰੋਡਵੇਜ਼ ਦੀ ਬੱਸ ਨਾਲ ਹਾਦਸੇ ਦੀ ਖ਼ਬਰ ਦਿੱਤੀ ਹੈ।
ਬੱਸ ਫੜੀ, ਡਰਾਈਵਰ ਗ੍ਰਿਫ਼ਤਾਰ
ਹਾਦਸੇ ਤੋਂ ਬਾਅਦ ਵੱਡੀ ਗਿਣਤੀ 'ਚ ਮਜ਼ਦੂਰਾਂ ਦੀਆਂ ਚੱਪਲਾਂ ਮੌਕੇ 'ਤੇ ਖਿੱਲਰੀਆਂ ਪਈਆਂ ਸਨ। ਰਸਤੇ 'ਚ ਉਨ੍ਹਾਂ ਨੂੰ ਕਿਸੇ ਨੇ ਪੂੜੀਆਂ ਦਿੱਤੀਆਂ ਹੋਣਗੀਆਂ। ਉਹ ਪੂੜੀਆਂ ਵੀ ਨਹੀਂ ਖਾ ਸਕੇ ਅਤੇ ਹਾਦਸੇ ਵਾਲੀ ਥਾਂ 'ਤੇ ਪਈਆਂ ਮਿਲੀਆਂ। ਬਿਸਕੁਟ ਦੇ 2 ਪੈਕੇਟ ਵੀ ਪਏ ਸਨ। ਮੁਜ਼ੱਫਰਨਗਰ ਸਿਟੀ ਥਾਣੇ ਨੇ ਦੇਰ ਰਾਤ ਨਾਕਾਬੰਦੀ ਕਰਕੇ ਖੂਨੀ ਰੋਡਵੇਜ਼ ਦੀ ਬੱਸ ਫੜ ਲਈ। ਉਹ ਆਗਰਾ ਦੇ ਤਾਜ ਡਿਪੋ ਦੀ ਹੈ। ਚਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਦਸੇ 'ਚ ਬੱਸ ਦੇ ਸ਼ੀਸ਼ੇ ਵੀ ਟੁੱਟ ਗਏ।