ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ ਦੇ ਸੁਖਪਾਲ ਸਿੰਘ ਬੇਦੀ ਨੇ ਮਸਜਿਦ ਦੀ ਉਸਾਰੀ ਲਈ ਕੀਤਾ ਆਪਣਾ 100 ਗਜ਼ ਦਾ ਪਲਾਟ ਦਾਨ

ਯੂਪੀ ਦੇ ਸੁਖਪਾਲ ਸਿੰਘ ਬੇਦੀ ਨੇ ਮਸਜਿਦ ਦੀ ਉਸਾਰੀ ਲਈ ਕੀਤਾ ਆਪਣਾ 100 ਗਜ਼ ਦਾ ਪਲਾਟ ਦਾਨ

ਮੁਜ਼ੱਫ਼ਰਨਗਰ (ਉੱਤਰ ਪ੍ਰਦੇਸ਼) ਜ਼ਿਲ੍ਹੇ ਦੇ ਪੁਰਕਾਜ਼ੀ ਕਸਬੇ ਦੇ ਸ੍ਰੀ ਸੁਖਪਾਲ ਸਿੰਘ ਬੇਦੀ ਨੇ ਮਸਜਿਦ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਪਣਾ 100 ਗ਼ਜ਼ ਦਾ ਪਲਾਟ ਦਾਨ ਕਰ ਦਿੱਤਾ ਹੈ। ਅਜਿਹਾ ਫ਼ੈਸਲਾ ਉਨ੍ਹਾਂ ਨੇ ਅਯੁੱਧਿਆ ਮਾਮਲੇ ’ਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਲਿਆ।

 

 

ਆਪਣੀ ਉਮਰ ਦੇ 70ਵਿਆਂ ’ਚ ਢੁਕ ਚੁੱਕੇ ਸ੍ਰੀ ਬੇਦੀ ਦੀ ਸ਼ਹਿਰ ਵਿੱਚ ਕੱਪੜੇ ਦੀ ਦੁਕਾਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦਾ ਸੰਦੇਸ਼ ਤਾਂ ‘ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ’ ਸੀ।

 

 

ਸ੍ਰੀ ਬੇਦੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਮਾਜ ਦੇ ਵਰਗਾਂ ਵਿੱਚ ਇੱਕ–ਦੂਜੇ ਪ੍ਰਤੀ ਬੇਭਰੋਸਗੀ ਦਾ ਅਹਿਸਾਸ ਵਧਦਾ ਜਾ ਰਿਹਾ ਹੈ। ਪਰ ਹੁਣ ਉਹ ਜਦੋਂ ਮਸਜਿਦ ਦੀ ਉਸਾਰੀ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਤਾਂ ਉਨ੍ਹਾਂ ਨੂੰ ਕੁਝ ਮਾਨਸਿਕ ਤਸੱਲੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਬਹੁਤ ਜ਼ਿਆਦਾ ਜਾਇਦਾਦ ਤਾਂ ਨਹੀਂ ਹੈ ਪਰ ਉਨ੍ਹਾਂ ਦੀ ਆਪਣੀ ਵਰਤੋਂ ਲਈ ਕਾਫ਼ੀ ਹੈ।

 

 

ਐਤਵਾਰ ਨੂੰ ਸ੍ਰੀ ਬੇਦੀ ਨੇ ਆਪਣੀ ਜ਼ਮੀਨ ਦੇ ਦਸਤਾਵੇਜ਼ ਪੁਰਕਾਜ਼ੀ ਨਗਰ ਪੰਚਾਇਤ ਦੇ ਚੇਅਰਮੈਨ ਜ਼ਾਹਿਰ ਫ਼ਾਰੁਕੀ ਨੂੰ ਸੌਂਪੇ। ਇਸ ਮੌਕੇ ਸ੍ਰੀ ਬੇਦੀ ਦੇ ਆਪਣੇ ਪਰਿਵਾਰਕ ਮੈਂਬਰ ਤੇ ਹੋਰ ਸੈਂਕੜੇ ਲੋਕ ਮੌਜੂਦ ਸਨ। ਇਹ ਸਾਰੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਇੱਕ ਸਮਾਰੋਹ ਮੌਕੇ ਇਕੱਠੇ ਹੋਏ ਸਨ।

 

 

ਇਸ ਮੌਕੇ ਆਮ ਲੋਕਾਂ ਦਾ ਇਹੋ ਕਹਿਣਾ ਸੀ ਕਿ ਸ੍ਰੀ ਬੇਦੀ ਨੇ ਹੁਣ ਜੋ ਇਹ ਕਰ ਵਿਖਾਇਆ ਹੈ, ਇਹ ਉਨ੍ਹਾਂ ਲੋਕਾਂ ਦੇ ਮੂੰਹ ’ਤੇ ਇੱਕ ਚਪੇੜ ਹੈ, ਜਿਹੜੇ ਦੇਸ਼ ਵਿੱਚ ਫਿਰਕੂ ਵੰਡੀਆਂ ਪਾਉਣਾ ਚਾਹੁੰਦੇ ਹਨ। ਸ੍ਰੀ ਬੇਦੀ ਦੇ ਮਾਪੇ ਪਹਿਲਾਂ ਅਣਵੰਡੇ ਭਾਰਤ ਦੇ ਸ਼ਹਿਰ ਲਾਹੌਰ (ਹੁਣ ਪਾਕਿਸਤਾਨ) ’ਚ ਰਹਿੰਦੇ ਹੁੰਦੇ ਸਨ। ਸ੍ਰੀ ਬੇਦੀ 1947 ’ਚ ਦਿੱਲੀ ਦੇ ਲਾਲ ਕਿਲੇ ਵਿਖੇ ਕਾਇਮ ਇੱਕ ਸ਼ਰਨਾਰਥੀ ਕੈਂਪ ਵਿੱਚ ਪੈਦਾ ਹੋਏ ਸਨ। ਫਿਰ ਬਾਅਦ ’ਚ ਉਹ ਪੁਰਕਾਜ਼ੀ ’ਚ ਜਾ ਕੇ ਸੈਟਲ ਹੋ ਗਏ।

 

 

ਸ੍ਰੀ ਬੇਦੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸਦਾ ਇਹੋ ਸਮਝਾਇਆ ਸੀ ਕਿ ਉਹ ਦੇਸ਼ ਦੀ ਵੰਡ ਬਾਰੇ ਮਨ ਵਿੱਚ ਕਿਸੇ ਤਰ੍ਹਾਂ ਦਾ ਗਿਲਾ–ਸ਼ਿਕਵਾ ਨਾ ਰੱਖਣ ਕਿਉਂਕਿ ਉਹ ਕੋਈ ਫਿਰਕੂ ਮਾਮਲਾ ਨਹੀਂ ਸੀ, ਸਗੋਂ ਇੱਕ ਸਿਆਸੀ ਫ਼ੈਸਲਾ ਸੀ। ਉਨ੍ਹਾਂ ਕਿਹਾ ਕਿ ਜੇ ਭਾਰਤ ’ਚ ਕੋਈ ਫਿਰਕੂ ਹੁੰਦਾ, ਤਾਂ ਪੁਰਕਾਜ਼ੀ ਜਿਹੇ ਸ਼ਹਿਰ ਵਿੱਚ ਉਨ੍ਹਾਂ ਦਾ ਕੱਪੜੇ ਦਾ ਕਾਰੋਬਾਰ ਕਿਵੇਂ ਵਧ–ਫੁੱਲ ਸਕਦਾ ਸੀ; ਜਿੱਥੇ 70 ਫ਼ੀ ਸਦੀ ਆਬਾਦੀ ਸਿਰਫ਼ ਮੁਸਲਮਾਨਾਂ ਦੀ ਹੈ।

 

 

ਸ੍ਰੀ ਬੇਦੀ ਨੇ ਆਪਣੇ ਪਲਾਟ ਦੇ ਜਿਹੜੇ ਦਸਤਾਵੇਜ਼ ਮਸਜਿਦ ਲਈ ਦਿੱਤੇ ਹਨ; ਉਨ੍ਹਾਂ ਉੱਤੇ ਆਪਣੇ ਪੁੱਤਰਾਂ ਤੇ ਜਵਾਈ ਦੇ ਵੀ ਹਸਤਾਖਰ ਹਨ ਤੇ ਉਨ੍ਹਾਂ ਦਾ ਹਲਫ਼ੀਆ ਬਿਆਨ ਵੀ ਹੈ ਕਿ ਉਹ ਹੁਣ ਕਦੇ ਵੀ ਇਸ ਦਾਨ ਕੀਤੀ ਜ਼ਮੀਨ ਉੱਤੇ ਆਪਣਾ ਦਾਅਵਾ ਨਹੀਂ ਜਤਾਉਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP s Sukhpal Singh Bedi donates his 100 yards Plot for construction of a Mosque