ਕੋਰੋਨਾ ਵਾਇਰਸ ਕਾਰਨ ਸਮੁੱਚਾ ਦੇਸ਼ ਲੌਕਡਾਊਨ ਹੈ। ਇਸੇ ਲਈ ਦਿੱਲੀ ਮਹਾਂਨਗਰ ਤੋਂ ਆਪੋ–ਆਪਣੇ ਜੱਦੀ ਘਰਾਂ ਨੂੰ ਪਰਤਣ ਵਾਲਿਆਂ ਦੀ ਗਿਣਤੀ ਕਈ ਹਜ਼ਾਰਾਂ ’ਚ ਹੈ। ਦਿਹਾੜੀਆਂ ਖ਼ਤਮ ਹੋ ਗਈਆਂ ਹਨ, ਕੰਮ ਕੋਈ ਰਿਹਾ ਨਹੀਂ। ਇਸੇ ਲਈ ਹੁਣ ਮਜ਼ਦੂਰਾਂ ਨੂੰ ਮਜਬੂਰਨ ਆਪੋ–ਆਪਣੇ ਘਰਾਂ ਨੂੰ ਪਰਤਣਾ ਪੈ ਰਿਹਾ ਹੈ।
ਅਜਿਹੇ ਹਾ;ਲਾਤ ’ਚ ਉੱਤਰ ਪ੍ਰਦੇਸ਼ ਸਰਕਾਰ ਦੀ ਹਦਾਇਤ ਉੱਤੇ ਯੂਪੀ ਟ੍ਰਾਂਸਪੋਰਟ ਵੱਲੋਂ ਦਿੱਲੀ ਦੀ ਸਰਹੱਦ ਨਾਲ ਜੁੜੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਲਈ ਬੱਸਾਂ ਨੂੰ ਨੌਇਡਾ ਤੇ ਗ਼ਾਜ਼ੀਆਬਾਦ ਪਹੁੰਚਾਇਆ ਜਾ ਰਿਹਾ ਹੈ।
ਅੱਜ ਸਵੇਰੇ 8:00 ਵਜੇ ਤੋਂ ਹਰੇਕ ਦੋ ਘੰਟਿਆਂ ’ਚ ਲਗਭਗ 200 ਬੱਸਾਂ ਰਵਾਨਾ ਹੋ ਰਹੀਆਂ ਹਨ। ਇਹ ਬੱਸਾਂ ਅੱਜ ਸਨਿੱਚਰਵਾਰ ਤੇ ਕੱਲ੍ਹ ਐਤਵਾਰ ਦੋ ਦਿਨ ਚੱਲਣੀਆਂ ਹਨ। ਇਸੇ ਲਈ ਹੁਣ ਦਿੱਲੀ ’ਚ ਰਹਿੰਦੇ ਕਾਮਿਆਂ ਦੀਆਂ ਵੱਡੀਆਂ ਭੀੜਾਂ ਇੱਥੇ ਲੱਗ ਗਈਆਂ ਹਨ।
ਕੁਝ ਬੱਸਾਂ ਜੋ ਪਹਿਲਾਂ ਹੀ ਗ਼ਾਜ਼ੀਆਬਾਦ, ਨੌਇਡਾ ਤੇ ਸਰਹੱਦੀ ਇਲਾਕਿਆਂ ’ਚੋਂ ਨਿੱਕਲ ਚੁੱਕੀਆਂ ਹਨ; ਉਹ ਉੱਤਰ ਪ੍ਰਦੇਸ਼ ’ਚ ਵੱਖੋ–ਵੱਖਰੇ ਟਿਕਾਣਿਆਂ ਵੱਲ ਵਧਦੀਆਂ ਜਾ ਰਹੀਆਂ ਹਨ। ਸਰਕਾਰ ਨੇ ਹੁਣ ਇਨ੍ਹਾਂ ਸਾਰੇ ਯਾਤਰੀਆਂ ਨੂੰ ਆਪਣੇ ਟਿਕਾਣਿਆਂ ਤੱਕ ਪਹੁੰਚਣ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲਿਆ ਹੈ।
ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ ਡੀਐੱਮ, ਐੱਸਪੀ ਤੇ ਐੱਸਐੱਸਪਾ ਨੂੰ ਇਨ੍ਹਾਂ ਬੱਸਾਂ ਨੂੰ ਨਾ ਰੋਕਣ ਦੀ ਹਦਾਇਤ ਜਾਰੀ ਕੀਤੀ ਹੈ।
ਇੱਥੇ ਵਰਨਣਯੋਗ ਹੈ ਕਿ ਭਾਰਤ ’ਚ ਕੋਰੋਨਾ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 903 ਹੋ ਗਈ ਹੈ। ਹੁਣ ਤੱਕ ਦੇਸ਼ ’ਚ 20 ਮੌਤਾਂ ਹੋ ਚੁੱਕੀਆਂ ਹਾਨ ਤੇ ਇਹ ਵਾਇਰਸ ਦੇਸ਼ ਦੇ ਸਾਰੇ 27 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ ਫੈਲ ਚੁੱਕਾ ਹੈ।