ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦਾ ਵਫ਼ਾਦਾਰ ਦੋਸਤ ਰਹੇਗਾ ਅਮਰੀਕਾ : ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਟੇਰਾ ਸਟੇਡੀਅਮ 'ਚ ਆਪਣੇ ਸੰਬੋਧਨ ਦੀ ਸ਼ੁਰੂਆਤ ਨਮਸਤੇ ਕਹਿ ਕੇ ਕੀਤੀ। ਟਰੰਪ ਨੇ ਕਿਹਾ ਕਿ ਭਾਰਤ ਆਉਣਾ ਮਾਣ ਵਾਲੀ ਗੱਲ ਹੈ। ਨਰਿੰਦਰ ਮੋਦੀ ਇੱਕ ਚੈਂਪੀਅਨ ਹਨ, ਜੋ ਭਾਰਤ ਨੂੰ ਵਿਕਾਸ ਦੀ ਦਿਸ਼ਾ ਵੱਲ ਲਿਜਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਅਤੇ ਮੇਲਾਨੀਆ 8000 ਮੀਲ ਦੀ ਦੂਰੀ ਤੈਅ ਕਰਕੇ ਇੱਥੇ ਪਹੁੰਚੇ ਹਾਂ। ਅਮਰੀਕਾ ਭਾਰਤ ਦਾ ਦੋਸਤ ਹੈ। ਅਮਰੀਕਾ ਭਾਰਤ ਦਾ ਸਤਿਕਾਰ ਤੇ ਸਨਮਾਨ ਕਰਦਾ ਹੈ।
 

 

ਡੋਨਾਲਡ ਟਰੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 5 ਮਹੀਨੇ ਪਹਿਲਾਂ ਅਮਰੀਕਾ ਨੇ ਪੀਐਮ ਮੋਦੀ ਦਾ ਸਵਾਗਤ ਕੀਤਾ ਸੀ, ਅੱਜ ਭਾਰਤ ਸਾਡਾ ਸਵਾਗਤ ਕਰ ਰਿਹਾ ਹੈ ਜੋ ਸਾਡੇ ਲਈ ਖੁਸ਼ੀ ਦੀ ਗੱਲ ਹੈ। ਅੱਜ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ 'ਚ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡਾ ਸਵਾਗਤ ਕੀਤਾ। ਅੱਜ ਤੋਂ ਭਾਰਤ ਸਾਡਾ ਸਭ ਤੋਂ ਅਹਿਮ ਦੋਸਤ ਹੋਵੇਗਾ।

 

 

ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਜ਼ਿਦਗੀ 'ਚ ਸਖ਼ਤ ਮਿਹਨਤ ਕੀਤੀ ਅਤੇ ਚਾਹ ਵਾਲੇ ਦੀ ਤਰ੍ਹਾਂ ਸ਼ੁਰੂਆਤ ਕੀਤੀ। ਉਨ੍ਹਾਂ ਨੇ ਆਪਣੇ ਪਿਤਾ ਦੀ ਚਾਹ ਦੀ ਦੁਕਾਨ 'ਤੇ ਕੰਮ ਕੀਤਾ। ਅੱਜ ਹਰ ਕੋਈ ਪੀਐਮ ਮੋਦੀ ਨੂੰ ਪਿਆਰ ਕਰਦਾ ਹੈ, ਪਰ ਉਹ ਬਹੁਤ ਸਖਤ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਸਭ ਤੋਂ ਮਸ਼ਹੂਰ ਨੇਤਾ ਹਨ। ਪਿਛਲੇ ਸਾਲ 60 ਕਰੋੜ ਤੋਂ ਵੱਧ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵੋਟ ਦਿੱਤੀ ਸੀ ਅਤੇ ਸਭ ਤੋਂ ਵੱਡੀ ਚੋਣ ਜਿੱਤ ਦਰਜ ਕੀਤੀ।
 

ਡੋਨਾਲਡ ਟਰੰਪ ਨੇ ਇਸ ਦੌਰਾਨ ਹੋਲੀ, ਦੀਵਾਲੀ ਵਰਗੇ ਤਿਉਹਾਰਾਂ ਦਾ ਜ਼ਿਕਰ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਵਿੱਚ ਹਿੰਦੂ, ਜੈਨ, ਮੁਸਲਮਾਨ, ਸਿੱਖ ਸਮੇਤ ਕਈ ਧਰਮਾਂ ਦੇ ਲੋਕ ਰਹਿੰਦੇ ਹਨ, ਜਿੱਥੇ ਦਰਜਨਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਫਿਰ ਵੀ ਦੇਸ਼ 'ਚ ਇੱਕ ਸ਼ਕਤੀ ਦੀ ਤਰ੍ਹਾਂ ਲੋਕ ਰਹਿੰਦੇ ਹਨ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਉੱਥੇ ਵਿਕਾਸ 'ਚ ਵੱਡੀ ਭੂਮਿਕਾ ਨਿਭਾਈ ਹੈ।
 

 

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ 'ਚ ਰਹਿੰਦੇ ਬਹੁਤ ਸਾਰੇ ਵਪਾਰੀ ਗੁਜਰਾਤ ਤੋਂ ਆਉਂਦੇ ਹਨ। ਅਜਿਹੀ ਸਥਿਤੀ 'ਚ ਮੈਂ ਸਾਰਿਆਂ ਦਾ ਅਮਰੀਕਾ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਧੰਨਵਾਦ ਕਰਦਾ ਹਾਂ।
 

ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅੱਜ ਆਪਣੇ ਲੋਕਾਂ 'ਤੇ ਵਿਸ਼ਵਾਸ ਕਰਦਾ ਹੈ, ਜੋ ਅਮਰੀਕਾ ਅਤੇ ਭਾਰਤ ਨੂੰ ਬਰਾਬਰ ਬਣਾਉਂਦੇ ਹਨ। ਅਮਰੀਕਾ ਅਤੇ ਭਾਰਤ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ, ਜਿਸ ਵਿੱਚ ਹਰ ਵਿਅਕਤੀ ਨੂੰ ਬਰਾਬਰ ਸਮਝਿਆ ਜਾਂਦਾ ਹੈ। ਇਸ ਸਮੇਂ ਅਮਰੀਕੀ ਰਾਸ਼ਟਰਪਤੀ ਨੇ ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਦਾ ਵੀ ਜ਼ਿਕਰ ਕੀਤਾ।

 

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਹਰ ਸਾਲ 2000 ਤੋਂ ਵੱਧ ਫ਼ਿਲਮਾਂ ਬਣਾਉਂਦਾ ਹੈ, ਜੋ ਬਾਲੀਵੁੱਡ ਹੈ। ਇਸ ਦਾ ਪੂਰੀ ਦੁਨੀਆਂ 'ਚ ਸਵਾਗਤ ਕੀਤਾ ਜਾਂਦਾ ਹੈ। ਲੋਕ ਭੰਗੜਾ-ਮਿਊਜ਼ਿਕ ਦਾ ਜ਼ਿਕਰ ਕਰਦੇ ਹਨ, ਲੋਕਾਂ ਨੂੰ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ (ਡੀਡੀਐਲਜੇ) ਫਿਲਮ ਵੀ ਪਸੰਦ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਵਰਗੇ ਵੱਡੇ ਖਿਡਾਰੀ ਦਿੱਤੇ।

 

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾ ਸਿਰਫ਼ ਗੁਜਰਾਤ ਸਗੋਂ ਦੇਸ਼ ਲਈ ਮਾਣ ਹਨ, ਜੋ ਅਸੰਭਵ ਨੂੰ ਸੰਭਵ ਬਣਾ ਸਕਦੇ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਤਰੱਕੀ ਕਰ ਰਿਹਾ ਹੈ ਅਤੇ ਇਹ ਵਿਕਾਸ ਦੀ ਯਾਤਰਾ ਵਿਸ਼ਵ ਲਈ ਇੱਕ ਮਿਸਾਲ ਹੈ। ਅੱਜ ਭਾਰਤ ਆਰਥਿਕਤਾ ਦੇ ਖੇਤਰ ਵਿੱਚ ਇੱਕ ਵੱਡੀ ਸ਼ਕਤੀ ਬਣ ਗਿਆ ਹੈ। ਇੱਕ ਦਹਾਕੇ ਵਿੱਚ ਭਾਰਤ ਨੇ ਗਰੀਬੀ ਰੇਖਾ ਤੋਂ ਕਈ ਕਰੋੜ ਲੋਕਾਂ ਨੂੰ ਬਾਹਰ ਕੱਢਿਆ।
 

 

ਡੋਨਾਲਡ ਟਰੰਪ ਨੇ ਇਸ ਸਮੇਂ ਦੌਰਾਨ ਮੋਦੀ ਸਰਕਾਰ ਦੀਆਂ ਕਈ ਯੋਜਨਾਵਾਂ ਜਿਵੇਂ ਉਜਵਲਾ ਯੋਜਨਾ, ਇੰਟਰਨੈਟ ਸਹੂਲਤ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜ਼ਿਕਰ ਕੀਤਾ। ਯੂਐਸ ਦੇ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਭਾਰਤ ਇਕ ਵੱਡੀ ਤਾਕਤ ਵਜੋਂ ਉੱਭਰ ਰਿਹਾ ਹੈ, ਜੋ ਕਿ ਇਸ ਸਦੀ ਦੀ ਸਭ ਤੋਂ ਵੱਡੀ ਚੀਜ਼ ਹੈ।

 

ਟਰੰਪ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਸਤੀ ਦੇ ਨਾਲ-ਨਾਲ ਵਪਾਰ ਦੇ ਖੇਤਰ ਵਿੱਚ ਅੱਗੇ ਵੱਧ ਰਹੇ ਹਨ। ਮੈਂ ਅਤੇ ਮੇਲਾਨੀਆ ਅੱਜ ਮਹਾਤਮਾ ਗਾਂਧੀ ਆਸ਼ਰਮ ਗਏ, ਜਿੱਥੇ ਗਾਂਧੀ ਜੀ ਨੇ ਨਮਕ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ। ਅੱਜ ਅਸੀਂ ਤਾਜ ਮਹਿਲ ਦਾ ਵੀ ਦੌਰਾ ਕਰਾਂਗੇ।
 

ਡੋਨਾਲਡ ਟਰੰਪ ਨੇ ਕਿਹਾ ਕਿ ਕੱਲ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਕਰਾਂਗਾ, ਜਿਸ 'ਚ ਅਸੀਂ ਕਈ ਸਮਝੌਤਿਆਂ ਬਾਰੇ ਗੱਲ ਕਰਾਂਗੇ। ਭਾਰਤ ਅਤੇ ਅਮਰੀਕਾ ਰੱਖਿਆ ਦੇ ਖੇਤਰ ਵਿੱਚ ਅੱਗੇ ਵੱਧ ਰਹੇ ਹਨ। ਅਸੀਂ ਛੇਤੀ ਹੀ ਭਾਰਤ ਨੂੰ ਸਭ ਤੋਂ ਖਤਰਨਾਕ ਮਿਜ਼ਾਈਲਾਂ ਅਤੇ ਹਥਿਆਰ ਦੇਵਾਂਗੇ। ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੋਵੇਂ ਅੱਤਵਾਦ ਵਿਰੁੱਧ ਮਿਲ ਕੇ ਲੜਨਗੇ। ਅਮਰੀਕਾ ਇਸਲਾਮਿਕ ਅੱਤਵਾਦ ਵਿਰੁੱਧ ਲੜ ਰਿਹਾ ਹੈ।
 

 

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਇਸਲਾਮਿਕ ਅੱਤਵਾਦ ਦਾ ਸ਼ਿਕਾਰ ਹੋ ਰਹੇ ਹਨ, ਜਿਸ ਵਿਰੁੱਧ ਅਸੀਂ ਲੜਾਈ ਲੜੀ ਹੈ। ਅਮਰੀਕਾ ਨੇ ਆਪਣੀ ਕਾਰਵਾਈ ਕਰਦਿਆਂ ਆਈਐਸਆਈਐਸ ਦਾ ਅੰਤ ਕੀਤਾ ਅਤੇ ਅਲ-ਬਗਦਾਦੀ ਨੂੰ ਮਾਰ ਮੁਕਾਇਆ। ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਕਰ ਰਹੇ ਹਾਂ। ਅਮਰੀਕਾ ਨੇ ਵੀ ਪਾਕਿਸਤਾਨ 'ਤੇ ਦਬਾਅ ਬਣਾਇਆ ਹੈ। ਪਾਕਿਸਤਾਨ ਨੂੰ ਅੱਤਵਾਦ ਵਿਰੁੱਧ ਕਾਰਵਾਈ ਕਰਨੀ ਪਵੇਗੀ। ਹਰ ਦੇਸ਼ ਨੂੰ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ।

 

ਟਰੰਪ ਦੇ ਦੌਰੇ ਕਾਰਨ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਏ : ਮੋਦੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅੱਜ ਮੋਟੇਰਾ ਸਟੇਡੀਅਮ 'ਚ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਇਹ ਪੂਰਾ ਮਾਹੌਲ, ਅਸਮਾਨ ਤਕ ਗੂੰਜ ਰਹੀ ਆਵਾਜ਼, ਹਵਾਈ ਅੱਡੇ ਤੋਂ ਲੈ ਕੇ ਇੱਥੇ ਤੱਕ ਹਰ ਥਾਂ ਭਾਰਤ ਦੀ ਵਿਲੱਖਣਤਾ ਦਿਖਾਈ ਦੇ ਰਹੀ ਹੈ। ਇਸ ਪ੍ਰੋਗਰਾਮ ਦਾ ਨਾਂਅ 'ਨਮਸਤੇ ਟਰੰਪ' ਦਾ ਮਤਲਬ ਕਾਫ਼ੀ ਡੂੰਘਾ ਹੈ। ਇਹ ਨਾਂਅ ਸੰਸਕ੍ਰਿਤ ਤੋਂ ਲਿਆ ਗਿਆ ਹੈ। ਮੈਂ ਆਪਣੇ ਸੂਬੇ ਦੇ ਲੋਕਾਂ ਨੂੰ ਸ਼ਾਨਦਾਰ ਸਮਾਗਮ ਲਈ ਵਧਾਈ ਦਿੰਦਾ ਹਾਂ।"

 

ਮੋਦੀ ਨੇ ਕਿਹਾ, "ਭਾਰਤ 'ਚ ਸਾਬਰਮਤੀ ਨਦੀ ਦੀ ਬਹੁਤ ਮਹੱਤਤਾ ਹੈ। ਅੱਜ ਹਰ ਭਾਰਤੀ ਅਤੇ ਪੂਰੀ ਦੁਨੀਆ ਇਸ ਮੰਚ ਤੋਂ ਟਰੰਪ ਨੂੰ ਸੁਣਨਾ ਚਾਹੁੰਦੀ ਹੈ। ਤੁਸੀਂ ਸੋਚ ਸਕਦੇ ਹੋ ਕਿ ਰਾਸ਼ਟਰਪਤੀ ਟਰੰਪ ਸਿੱਧੇ ਅਮਰੀਕਾ ਤੋਂ ਇੱਥੇ ਪਹੁੰਚੇ ਹਨ। ਇੰਨੀ ਲੰਮੀ ਯਾਤਰਾ ਤੋਂ ਬਾਅਦ ਵੀ ਰਾਸ਼ਟਰਪਤੀ ਟਰੰਪ ਅਤੇ ਉਨ੍ਹਾਂ ਦਾ ਪਰਿਵਾਰ ਸਿੱਧੇ ਸਾਬਰਮਤੀ ਆਸ਼ਰਮ ਗਿਆ ਅਤੇ ਉਸ ਤੋਂ ਬਾਅਦ ਇੱਥੇ ਪਹੁੰਚਿਆ। ਇਸ ਦੌਰੇ ਕਾਰਨ ਦੋਹਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਹੋਏ ਹਨ।"


ਮੋਟੇਰਾ ਸਟੇਡੀਅਮ 'ਚ ਟਰੰਪ-ਮੋਦੀ ਦਾ ਸ਼ਾਨਦਾਰ ਸਵਾਗਤ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਟੇਰਾ ਸਟੇਡੀਅਮ ਪਹੁੰਚ ਗਏ ਹਨ। ਇੱਥੇ ਮੌਜੂਦ 1 ਲੱਖ ਤੋਂ ਵੱਧ ਲੋਕਾਂ ਦੀ ਭੀੜ ਨੇ ਉਨ੍ਹਾਂ ਦਾ ਤਾੜੀਆਂ ਨਾਲ ਸਵਾਗਤ ਕੀਤਾ। ਲੱਖਾਂ ਲੋਕਾਂ ਦੀ ਭੀੜ ਨੂੰ ਵੇਖ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਬਹੁਤ ਖੁਸ਼ ਨਜ਼ਰ ਆਏ।

 

ਇਵਾਂਕਾ ਟਰੰਪ ਵੀ ਮੋਟੇਰਾ ਸਟੇਡੀਅਮ ਪਹੁੰਚੀ :
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਵੀ ਮੋਟੇਰਾ ਸਟੇਡੀਅਮ ਪਹੁੰਚੀ ਹੈ। ਲੋਕ ਉਨ੍ਹਾਂ ਨਾਲ ਸੈਲਫੀ ਲੈ ਰਹੇ ਹਨ।

 

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੇਲਾਨੀਆ ਟਰੰਪ ਮੋਟੇਰਾ ਸਟੇਡੀਅਮ ਪਹੁੰਚ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਇੱਥੇ ਮੌਜੂਦ ਹਨ।

 

 

ਮੋਟੇਰਾ ਸਟੇਡੀਅਮ ਲਈ ਰਵਾਨਾ ਹੋਏ ਟਰੰਪ-ਮੇਲਾਨੀਆ 

ਸਾਬਰਮਤੀ ਆਸ਼ਰਮ 'ਚ 10 ਮਿੰਟ ਤੋਂ ਵੱਧ ਸਮਾਂ ਬਿਤਾਉਣ ਮਗਰੋਂ ਟਰੰਪ ਮੋਟੇਰਾ ਸਟੇਡੀਅਮ ਲਈ ਰਵਾਨਾ ਹੋ ਗਏ ਹਨ। 22 ਕਿਲੋਮੀਟਰ ਲੰਮੇ ਰੋਡ ਸ਼ੋਅ ਮਗਰੋਂ ਮੋਟੇਰਾ 'ਚ ਉਹ 'ਨਮਸਤੇ ਟਰੰਪ' ਪ੍ਰੋਗਰਾਮ 'ਚ ਹਿੱਸਾ ਲੈਣਗੇ। ਇਸ ਸਮਾਗਮ ਵਿੱਚ ਉਹ 1,00,000 ਤੋਂ ਵੱਧ ਲੋਕਾਂ ਦੀ ਵੱਡੀ ਭੀੜ ਨੂੰ ਸੰਬੋਧਤ ਕਰਨਗੇ।

 

 

ਵਿਜ਼ੀਟਰ ਬੁੱਕ 'ਚ ਟਰੰਪ ਜੋੜੇ ਨੇ ਲਿਖੇ ਆਪਣੇ ਵਿਚਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਲ ਟਰੰਪ ਜੋੜਾ ਇੱਥੇ ਦੁਪਹਿਰ 12:30 ਵਜੇ ਪਹੁੰਚਿਆ। ਤਿੰਨਾਂ ਨੇ ਆਸ਼ਰਮ ਅੰਦਰ ਨੰਗੇ ਪੈਰ ਦੌਰਾ ਕੀਤਾ। ਟਰੰਪ ਨੇ ਦੋ ਮਿੰਟ ਤਕ ਚਰਖਾ ਚਲਾਉਣ ਦੀ ਕੋਸ਼ਿਸ਼ ਕੀਤੀ। ਵਿਜ਼ੀਟਰ ਬੁੱਕ 'ਚ ਟਰੰਪ ਜੋੜੇ ਨੇ ਆਪਣੇ ਵਿਚਾਰ ਲਿਖੇ। ਟਰੰਪ ਨੇ ਲਿਖਿਆ, "ਮੇਰੇ ਪਿਆਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼ਾਨਦਾਰ ਸਫ਼ਰ ਲਈ ਤੁਹਾਡਾ ਧੰਨਵਾਦ।" ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀ ਜੀ ਦੇ ਤਿੰਨ ਬਾਂਦਰਾਂ ਦੀ ਮੂਰਤੀ ਵਿਖਾ ਕੇ ਉਨ੍ਹਾਂ ਦੀ ਮਹੱਤਤਾ ਦਰਸਾਈ।

 

ਸਾਬਰਮਤੀ ਆਸ਼ਰਮ 'ਚ ਟਰੰਪ ਨੇ ਚਰਖਾ ਚਲਾਇਆ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਮੇਲਾਨੀਆ ਟਰੰਪ ਨੇ ਸਾਬਰਮਤੀ ਆਸ਼ਰਮ ਵਿਖੇ ਚਰਖਾ ਚਲਾਇਆ। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਅਤੇ ਸੂਤ ਵੀ ਕੱਟਿਆ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਮੇਲਾਨੀਆ ਟਰੰਪ ਸਾਬਰਮਤੀ ਆਸ਼ਰਮ ਪਹੁੰਚ ਗਏ ਹਨ। ਇਥੇ ਅਮਰੀਕੀ ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਦੀ ਤਸਵੀਰ 'ਤੇ ਧਾਗੇ ਦੀ ਮਾਲਾ ਪਾ ਕੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਪਹਿਲਾਂ ਜਦੋਂ ਦੋਵੇਂ ਆਗੂ ਇੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਸੂਤ ਦਾ ਸਿਰੋਪਾ ਪਾ ਕੇ ਸਵਾਗਤ ਕੀਤਾ ਗਿਆ।

 

 

ਸਾਬਰਮਤੀ ਆਸ਼ਰਮ ਪਹੁੰਚੇ ਮੋਦੀ-ਟਰੰਪ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੋਵੇਂ ਸਾਬਰਮਤੀ ਆਸ਼ਰਮ ਪਹੁੰਚ ਚੁੱਕੇ ਹਨ।

 

 

ਮੋਦੀ-ਟਰੰਪ ਸਾਬਰਮਤੀ ਆਸ਼ਰਮ ਲਈ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੋਵੇਂ ਆਪਣੀ-ਆਪਣੀ ਕਾਰਾਂ 'ਚ ਸਾਬਰਮਤੀ ਆਸ਼ਰਮ ਲਈ ਰਵਾਨਾ ਹੋ ਗਏ ਹਨ। ਸੜਕ ਦੇ ਦੋਵੇਂ ਪਾਸੇ 28 ਸੂਬਿਆਂ ਦੀਆਂ ਝਾਂਕੀਆਂ ਸਜਾਈਆਂ ਗਈਆਂ ਹਨ। 

 


 

ਦੁਪਹਿਰ 12.20 ਵਜੇ ਟਰੰਪ ਤੇ ਮੋਦੀ, ਗਾਂਧੀ ਆਸ਼ਰਮ ਪਹੁੰਚਣਗੇ। ਆਸ਼ਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਕੁਝ ਸਮੇਂ ਲਈ ਸਾਬਰਮਤੀ ਨਦੀ ਦੇ ਕੰਢੇ ਰੁਕਣਗੇ। ਆਸ਼ਰਮ 'ਚ ਟਰੰਪ ਪਰਿਵਾਰ ਦਾ ਸਵਾਗਤ ਧਾਗਿਆਂ ਤੋਂ ਬਣੇ ਫੁੱਲਾਂ ਦੇ ਹਾਰ ਨਾਲ ਕੀਤਾ ਜਾਵੇਗਾ। ਇਸ ਤੋਂ ਬਾਅਦ ਟਰੰਪ ਜੋੜਾ ਹਿਰਦਕੁੰਜ ਵਾਟਿਕਾ ਜਾਵੇਗਾ। ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੋਟੇਰਾ ਸਟੇਡੀਅਮ ਲਈ ਰਵਾਨਾ ਹੋਣਗੇ।

 

ਪੀਐਮ ਮੋਦੀ ਨੇ ਜੱਫੀ ਪਾ ਕੇ ਕੀਤਾ ਸਵਾਗਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਟਰੰਪ ਦੇ ਸਵਾਗਤ ਲਈ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਉੱਥੇ ਟਰੰਪ ਨੂੰ ਜੱਫੀ ਪਾ ਕੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

 

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨੀਂ ਦੌਰੇ 'ਤੇ ਭਾਰਤ ਪਹੁੰਚ ਗਏ ਹਨ। ਅਮਰੀਕੀ ਜਹਾਜ਼ ਏਅਰਫੋਰਸ-1 ਅਹਿਮਦਾਬਾਦ ਦੇ ਹਵਾਈ ਅੱਡੇ 'ਤੇ ਉੱਤਰਿਆ। ਇਸ ਮੌਕੇ ਉਨ੍ਹਾਂ ਨਾਲ ਫਸਟ ਲੇਡੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਟਰੰਪ, ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓਬ੍ਰਾਇਨ, ਵਣਜ ਮੰਤਰੀ ਵਿਲਬਰ ਰਾਸ, ਊਰਜਾ ਮੰਤਰੀ ਡੈਨ ਬ੍ਰੋਲੇਟ ਸਮੇਤ 12 ਮੈਂਬਰੀ ਵਫ਼ਦ ਮੌਜੂਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਅੱਡੇ 'ਤੇ ਟਰੰਪ ਅਤੇ ਉਨ੍ਹਾਂ ਦੀ ਪਤਨੀ ਦਾ ਗਰਮਜੋਸ਼ੀ ਨਾ ਸਵਾਗਤ ਕੀਤਾ।
 

ਟਰੰਪ ਭਾਰਤ ਦੌਰੇ ’ਤੇ ਆਉਣ ਵਾਲੇ 7ਵੇਂ ਅਮਰੀਕੀ ਰਾਸ਼ਟਰਪਤੀ ਹਨ। ਟਰੰਪ ਦਾ ਇਹ ਪਹਿਲਾ ਭਾਰਤ ਦੌਰਾ ਹੈ।

 

ਡੋਨਾਲਡ ਟਰੰਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 22 ਕਿਲੋਮੀਟਰ ਦਾ ਰੋਡ ਸ਼ੋਅ ਕਰਨਗੇ ਅਤੇ ਮੋਟੇਰਾ ਸਟੇਡੀਅਮ ਵਿੱਚ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਨਗੇ। ਇੱਥੇ ਸ੍ਰੀ ਟ੍ਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਿਚਾਲੇ ਜ਼ਬਰਦਸਤ ਨੇੜਤਾ ਵੇਖਣ ਨੂੰ ਮਿਲੇਗੀ।

 

 

ਅਦਭੁਤ ਰੋਡ ਸ਼ੋਅ, ਦੇਸ਼ ਦੀ ਸਭਿਆਚਾਰਕ ਝਲਕ, ਮਹਾਤਮਾ ਗਾਂਧੀ ਦਾ ਸੁਨੇਹਾ, ਸਰਦਾਰ ਪਟੇਲ ਦੇ ਵਿਸ਼ਾਲ ਬੁੱਤ ਦੇ ਵਰਨਣ ਨਾਲ ਭਾਰਤ ਤੇ ਅਮਰੀਕਾ ਦੀਆਂ ਨਵੀਂਆਂ–ਪੁਰਾਣੀਆਂ ਯਾਦਾਂ ਦਾ ਸੰਗਮ ਇੱਥੇ ਵੇਖਣ ਨੂੰ ਮਿਲੇਗਾ। ਸੂਤਰਾਂ ਦਾ ਕਹਿਣਾ ਹੈ ਕਿ ਅਹਿਮਦਾਬਾਦ ਤੋਂ ਬਾਅਦ ਆਗਰਾ ’ਚ ਵੀ ਤਿਆਰੀ ਅਜਿਹੀ ਹੈ ਕਿ ਰਾਸ਼ਟਰਪਤੀ ਟਰੰਪ ਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਤਾਜ ਮਹਿਲ ਦੇ ਯਾਦਗਾਰੀ ਛਿਣਾਂ ਨੂੰ ਸ਼ਾਇਦ ਕਦੇ ਵੀ ਨਹੀਂ ਭੁਲਾ ਸਕਣਗੇ।
 

ਟਰੰਪ ਦੇ ਖਾਣੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰੰਪ ਨੂੰ ਭਾਰਤ 'ਚ ਸਿਰਫ਼ ਸ਼ਾਕਾਹਾਰੀ ਭੋਜਨ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US president donald trump two day india visit