ਵੀਰ ਸਾਵਰਕਰ ਦੇ ਪੋਤੇ ਰਣਜੀਤ ਸਾਵਰਕਰ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਜਨਤਕ ਤੌਰ 'ਤੇ ਆਪਣੇ ਦਾਦਾ ਦੀ ਬੇਇਜ਼ਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਵ ਸੈਨਾ ਦੇ ਮੁਖੀ ਉੱਧਵ ਠਾਕਰੇ ਤੋਂ ਰਾਹੁਲ ਗਾਂਧੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਰਣਜੀਤ ਨੇ ਕਿਹਾ ਕਿ ਇਹ ਚੰਗਾ ਹੈ ਕਿ ਰਾਹੁਲ ਗਾਂਧੀ ਰਾਹੁਲ ਸਾਵਰਕਰ ਨਹੀਂ ਹਨ। ਨਹੀਂ ਤਾਂ ਸਾਨੂੰ ਸਾਰਿਆਂ ਨੂੰ ਆਪਣਾ ਮੂੰਹ ਲੁਕਾਉਣਾ ਪੈਂਦਾ। ਹੁਣ ਅਸੀਂ ਉਮੀਦ ਕਰਦੇ ਹਾਂ ਕਿ ਸ਼ਿਵ ਸੈਨਾ ਮੁਖੀ ਉੱਧਵ ਠਾਕਰੇ ਆਪਣੇ ਵਾਅਦੇ ਨੂੰ ਪੂਰਾ ਕਰਨਗੇ। ਉਨ੍ਹਾਂ ਯਾਦ ਦਿਵਾਇਆ ਕਿ ਉੱਧਵ ਕਈ ਵਾਰ ਕਹਿ ਚੁੱਕੇ ਹਨ ਕਿ ਜੇ ਕੋਈ ਸਾਵਰਕਰ ਦਾ ਅਪਮਾਨ ਕਰਦਾ ਹੈ ਤਾਂ ਉਹ ਜਨਤਕ ਤੌਰ 'ਤੇ ਉਸ ਨੂੰ ਕੁੱਟਣਗੇ।
ਰਣਜੀਤ ਨੇ ਇਹ ਵੀ ਕਿਹਾ ਕਿ ਰਾਹੁਲ ਨੂੰ ਆਪਣੀ ਦਾਦੀ ਇੰਦਰਾ ਗਾਂਧੀ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜਿਸਨੇ ਆਪਣਾ ਉਪਨਾਮ (ਨਹਿਰੂ) ਛੱਡ ਦਿੱਤਾ। ਨਹੀਂ ਤਾਂ ਲੋਕ ਉਨ੍ਹਾਂ ਨੂੰ ਬ੍ਰਿਟਿਸ਼ ਨੌਕਰ ਸਮਝਦੇ। ਜਵਾਹਰ ਲਾਲ ਨਹਿਰੂ ਬ੍ਰਿਟੇਨ ਦੇ ਵਫ਼ਾਦਾਰ ਸਨ ਕਿਉਂਕਿ ਉਹ 1946 ਚ ਵਾਇਸਰਾਇ ਦੀ ਕੌਂਸਲ ਚ ਮੰਤਰੀ ਵਜੋਂ ਕੰਮ ਕਰਨ ਲਈ ਸਹਿਮਤ ਹੋਏ ਸਨ।
ਦੱਸਣਯੋਗ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਮੈਂ ਮਰ ਜਾਵਾਂਗਾ, ਪਰ ਮੁਆਫੀ ਨਹੀਂ ਮੰਗਾਂਗਾ। ਮੈਂ ਜੋ ਕਿਹਾ ਉਹ ਸੱਚ ਹੈ। ਮੇਰਾ ਨਾਮ ਰਾਹੁਲ ਗਾਂਧੀ ਹੈ, ਰਾਹੁਲ ਸਾਵਰਕਰ ਨਹੀਂ। ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਕਾਫੀ ਹੰਗਾਮਾ ਹੋਇਆ।