ਪਿਛਲੇ 62 ਦਿਨਾਂ ਤੋਂ ਦਿੱਲੀ ਦੇ ਸ਼ਾਹੀਨ ਬਾਗ਼ ’ਚ CAA ਅਤੇ NRC ਵਿਰੋਧੀ ਰੋਸ ਧਰਨਾ ਤੇ ਮੁਜ਼ਾਹਰਾ ਲਗਾਤਾਰ ਜਾਰੀ ਹੈ ਪਰ ਹੁਣ ਇੱਥੇ ਦਿਨ ਵੇਲੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਘੱਟ ਦਿਸਣ ਲੱਗੀ ਹੈ। ਦਿੱਲੀ ਚੋਣਾਂ ਤੋਂ ਬਾਅਦ ਸ਼ਾਹੀਨ ਬਾਗ਼ ’ਚ ਦਿਨ ਵੇਲੇ ਤਾਂ ਜਿਵੇਂ ਸੰਨਾਟਾ ਹੀ ਪੱਸਰਿਆ ਰਹਿੰਦਾ ਹ। ਰਾਤ ਸਮੇਂ ਲੋਕਾਂ ਦੀ ਗਿਣਤੀ ਪਹਿਲਾਂ ਜਿੰਨੀ ਹੀ ਬਣੀ ਹੋਈ ਹੈ। ਇਸੇ ਲਈ ਹੁਣ ਪੂਰੇ ਇਲਾਕੇ ’ਚ ਲਾਊਡਸਪੀਕਰ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਧਰਨੇ ਵਾਲੀ ਥਾਂ ਪੁੱਜਣ ਦਾ ਐਲਾਨ ਵੀ ਕਰਵਾਇਆ ਜਾ ਰਿਹਾ ਹੈ।
ਬੀਤੇ ਦੋ–ਤਿੰਨ ਦਿਨਾਂ ਤੋਂ ਸੰਨਾਟੇ ਤੋਂ ਬਾਅਦ ਸ਼ੁੱਕਰਵਾਰ ਨੂੰ ਇਸ ਐਲਾਨ ਤੇ ਜੁਮੇ (ਸ਼ੁੱਕਰਵਾਰ) ਦਾ ਦਿਨ ਹੋਣ ਦਾ ਫ਼ਾਇਦਾ ਵੇਖਣ ਨੂੰ ਮਿਲਿਆ। ਪ੍ਰਦਰਸ਼ਨ ਵਾਲੀ ਥਾਂ ’ਤੇ ਸਵੇਰ ਸਮੇਂ ਜ਼ਰੂਰ ਲੋਕਾਂ ਦੀ ਗਿਣਤੀ ਘੱਟ ਸੀ ਪਰ ਦੁਪਹਿਰ ਦੀ ਨਮਾਜ਼ ਤੋਂ ਬਾਅਦ ਵੱਡੀ ਗਿਣਤੀ ’ਚ ਲੋਕ ਪ੍ਰਦਰਸ਼ਨ ਵਾਲੀ ਥਾਂ ’ਤੇ ਪੁੱਜੇ। ਰਾਤ ਵੇਲੇ ਉਨ੍ਹਾਂ ਦੀ ਗਿਣਤੀ ਹੋਰ ਵਧ ਗਈ।
ਇਸ ਦੌਰਾਨ ਭੀੜ ਘੱਟ ਹੋਣ ਬਾਰੇ ਪ੍ਰਦਰਸ਼ਨਕਾਰੀਆਂ ਦਾ ਜਵਾਬ ਸੀ ਕਿ ਇਹ ਸਭ ਸਿਰਫ਼ ਅਫ਼ਵਾਹ ਹੈ। ਬੀਤੇ ਦਿਨੀਂ ਚੋਣ ਸੀ ਤੇ ਚੋਣ ਸਮੇਂ ਦੇ ਮੁਕਾਬਲੇ ਹੁਣ ਵਧੇਰੇ ਲੋਕ ਰਾਤ ਨੂੰ ਆ ਰਹੇ ਹਨ। ਰਾਤ ਨੂੰ ਕਈ ਪ੍ਰੋਗਰਾਮ ਵੀ ਹੁੰਦੇ ਹਨ।
ਕੇਂਦਰ ਸਰਕਾਰ ਵੱਲੋਂ ਕੋਈ ਨੁਮਾਇੰਦਾ ਮਿਲਣ ਲਈ ਨਾ ਆਉਣ ਤੋਂ ਲੋਕ ਨਾਰਾਜ਼ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਚੋਣਾਂ ’ਚ ਸਾਰੀਆਂ ਪਾਰਟੀਆਂ ਨੇ ਉਨ੍ਹਾਂ ਦੇ ਨਾਂਅ ’ਤੇ ਸਿਆਸਤ ਕੀਤੀ ਹੈ। ਇਹੋ ਕਾਰਨ ਹੈ ਕਿ ਹੁਣ ਕੁਝ ਲੋਕ ਪ੍ਰਦਰਸ਼ਨ ਤੋਂ ਦੂਰ ਰਹਿ ਰਹੇ ਹਨ।
ਇੱਕ ਪ੍ਰਦਰਸ਼ਨਕਾਰੀ ਰਫ਼ੀਕਨ ਦਾ ਕਹਿਣਾ ਹੈ ਕਿ ਕੁਝ ਲੋਕ ਅਫ਼ਵਾਹ ਫੈਲਾ ਰਹੇ ਹਨ ਕਿ ਭੀੜ ਘਟੀ ਹੈ। ਸਾਡਾ ਪ੍ਰਦਰਸ਼ਨ ਜਾਰੀ ਰਹੇਗਾ। ਪ੍ਰਧਾਨ ਮੰਤਰੀ ਆਉਣ, ਸਾਡੇ ਸਾਰਿਆਂ ਨਾਲ ਗੱਲ ਕਰਨ ਤੇ ਸਾਡੀਆਂ ਮੰਗਾਂ ਮੰਨੀਆਂ ਜਾਣ।
ਨਈਮਾ ਨੇ ਕਿਹਾ ਕਿ ਭੀੜ ਘੱਟ ਨਹੀਂ ਹੋਈ ਹੈ। ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ; ਜਦੋਂ ਤੱਕ ਕੇਂਦਰ ਸਰਕਾਰ CAA ਨੂੰ ਵਾਪਸ ਨਹੀਂ ਲੈਂਦੀ, ਸਾਡਾ ਰੋਸ ਧਰਨਾ ਤੇ ਮੁਜ਼ਾਹਰਾ ਜਾਰੀ ਰਹੇਗਾ।