ਸ਼ਾਹਜਹਾਂਪੁਰ ’ਚ ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਜ਼ਿਲ੍ਹਾ ਸਕੱਤਰ ਨੇ ਵਿਵਾਦਗ੍ਰਸਤ ਤੇ ਆਪੂੰ–ਥਾਪੇ ਸੰਤ ਅਤੇ ਬਿੱਗ ਬੌਸ ਵਿੱਚ ਭਾਗ ਲੈਣ ਕਾਰਨ ਪ੍ਰਸਿੱਧ ਹੋਏ ਸਵਾਮੀ ਓਮਜੀ ਦਾ ਸਿਰ ਕਲਮ ਕਰਨ ਵਾਲੇ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੋਮਵਾਰ ਨੂੰ ਓਮਜੀ ਦਾ ਪੁਤਲਾ ਸਾੜਨ ਵਾਲੇ ਰਾਜੇਸ਼ ਮਿਸ਼ਰਾ ਨੇ ਕਿਹਾ ਕਿ ਓਮਜੀ ਜਿਹੇ ਸੰਤ ਹਿੰਦੂਤਵ ਲਈ ਧੱਬਾ ਹਨ ਤੇ ਉਸ ਦਾ ਸਿਰ ਕਲਮ ਕਰ ਦੇਣਾ ਚਾਹੀਦਾ ਹੈ।
ਚੇਤੇ ਰਹੇ ਕਿ ਓਮਜੀ ਨੇ ਭਾਜਪਾ ਆਗੂ ਚਿਨਮਯਾਨੰਦ ਪ੍ਰਤੀ ਆਪਣਾ ਸਮਰਥਨ ਪ੍ਰਗਟਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਉੱਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਾਉਣ ਵਾਲੀਆਂ ਔਰਤਾਂ ਅਸਲ ਵਿੱਚ ‘ਵਿਸ਼–ਕੰਨਿਆਵਾਂ’ (ਜ਼ਹਿਰੀਲੀਆਂ ਕੁੜੀਆਂ) ਹਨ।
ਇਸ ਤੋਂ ਪਹਿਲਾਂ ਬਜਰੰਗ ਦਲ ਦੇ ਕਾਰਕੁੰਨਾਂ ਨੇ ਇੱਥੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਇੱਕ ਮੈਮੋਰੈਂਡਮ ਦਿੰਦਿਆਂ ਸਵਾਮੀ ਓਮਜੀ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ ਤੇ ਕਿਹਾ ਸੀ ਕਿ ਇਤਰਾਜ਼ਯੋਗ ਬਿਆਨ ਦੇਣ ਲਈ ਉਨ੍ਹਾਂ ਨੂੰ ਜੇਲ੍ਹ ਭੇਜ ਦੇਣਾ ਚਾਹੀਦਾ ਹੈ।
ਬਜਰੰਗ ਦਲ ਨੇ ਇਹ ਵੀ ਮੰਗ ਕੀਤੀ ਸੀ ਕਿ ਓਮਜੀ ਵਿਰੁੱਧ ਰਾਸ਼ਟਰੀ ਸੁਰੱਖਿਆ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਜਾਵੇ।
ਓਮਜੀ ਨੇ ਐਤਵਾਰ ਨੂੰ ਕਿਹਾ ਸੀ ਕਿ ਚਿਨਮਯਾਨੰਦ ਵਿਰੁੱਧ ਮਾਮਲਾ ਰਾਮ ਮੰਦਰ ਦੀ ਉਸਾਰੀ ਵਿੱਚ ਅੜਿੱਕਾ ਡਾਹੁਣ ਲਈ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਚਿਨਮਯਾਨੰਦ ਨੇ ਕਿਹਾ ਸੀ ਕਿ ਮੰਦਰ ਦੀ ਉਸਾਰੀ ਛੇ ਦਸੰਬਰ ਤੋਂ ਸ਼ੁਰੂ ਹੋਵੇਗੀ ਤੇ ਇਹ ਘਟਨਾ ਚਿਨਮਯਾਨੰਦ ਨੂੰ ਫਸਾਉਦ ਲਈ ਰਚੀ ਗਈ ਹੈ। ਮੈਂ ਸਰਕਾਰ ਨੂੰ ਉਨ੍ਹਾਂ ਵਿਰੁੱਧ ਲੱਗੇ ਸਾਰੇ ਦੋਸ਼ ਹਟਾਉਣ ਦੀ ਮੰਗ ਕਰਦਾ ਹਾਂ।
ਇੱਕ ਸੁਆਲ ਦੇ ਜੁਆਬ ਵਿੱਚ ਸੁਆਮੀ ਓਮਜੀ ਨੇ ਕਿਹਾ ਸੀ ਕਿ ਚਿਨਮਯਾਨੰਦ ਉੱਤੇ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀਆਂ ਸਾਰੀਆਂ ਔਰਤਾਂ ‘ਵਿਸ਼ ਕੰਨਿਆਵਾਂ’ ਹਨ ਤੇ ਉਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਓਮਜੀ ਵੱਲੋਂ ਔਰਤਾਂ ਵਿਰੁੱਧ ਦਿੱਤੇ ਬਿਆਨ ਵਿਰੁੱਧ ਕਈ ਸਮਾਜਕ ਜੱਥੇਬੰਦੀਆਂ ਵੀ ਪ੍ਰਦਰਸ਼ਨ ਕਰ ਰਹੀਆਂ ਹਨ।