ਸਮਾਜਵਾਦੀ ਪਾਰਟੀ ਦੇ ਬਹੁ-ਚਰਚਿਤ ਆਗੂ ਆਜ਼ਮ ਖ਼ਾਂ ਵਿਰੁੱਧ ਆਵਾਜ਼ ਬੁਲੰਦ ਕਰਨ ਤੋਂ ਬਾਅਦ ਅੱਜ ਰਾਮਪੁਰ ਪੁੱਜੇ ਅਮਰ ਸਿੰਘ ਦੇ ਉੱਥੇ ਪੈਰ ਧਰਦਿਆਂ ਹੀ ਮਾਹੋਲ ਕੁਝ ਗਰਮ ਹੋ ਗਿਆ। ਅਮਰ ਸਿੰਘ ਦੀ ਪੈੱਸ ਕਾਨਫ਼ਰੰਸ `ਚ ਕੁਝ ਲੋਕਾਂ ਨੇ ਬਹੁਤ ਹੰਗਾਮਾ ਕੀਤਾ। ਵੇਖਦੇ ਹੀ ਵੇਖਦੇ ਹਾਲਾਤ ਹੌਰ ਵੀ ਬੇਕਾਬੂ ਹੋ ਗਏ, ਕੁੱਟਮਾਰ ਤੇ ਤੋੜ-ਭੰਨ ਤੱਕ ਹੋਈ। ਦੱਸਿਆ ਜਾ ਰਿਹਾ ਹੈ ਕਿ ਕੁਝ ਪੱਤਰਕਾਰ ਵੀ ਆਪਸ `ਚ ਲੜ ਪਏ।
ਇੱਥੇ ਵਰਨਣਯੋਗ ਹੈ ਕਿ ਅਮਰ ਸਿੰਘ ਦੇ ਰਾਮਪੁਰ ਪੁੱਜਣ ਤੋਂ ਪਹਿਲਾਂ ਹੀ ਉੱਥੇ ਹਿੰਦੂ ਯੁਵਾ ਵਾਹਿਨੀ ਭਾਰਤ ਦੇ ਮੈਂਬਰਾਂ ਨੇ ਪੀਡਬਲਿਯੂਡੀ ਗੈਸਟ ਹਾਊਸ ਪੁੱਜ ਕੇ ਆਜ਼ਮ ਖ਼ਾਂ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਅਮਰ ਸਿੰਘ ਦੀ ਹਮਾਇਤ `ਚ ਪੁੱਜੇ ਇਨ੍ਹਾਂ ਲੋਕਾਂ ਨੇ ‘ਜੈ ਸ਼੍ਰੀ ਰਾਮ`, ‘ਜੋ ਰਾਜਪੂਤੋਂ ਸੇ ਟਕਰਾਏਗਾ, ਚੂਰ-ਚੂਰ ਹੋ ਜਾਏਗਾ` ਜਿਹੇ ਨਾਅਰੇ ਲਾਏ। ਠਾਕੁਰ ਅਮਰ ਸਿੰਘ ਦੇ ਸਤਿਕਾਰ `ਚ ਸਾਰਾ ਮੈਦਾਨ ‘ਮਾਤਾ ਕੀ ਜੈ` ਅਤੇ ‘ਆਜ਼ਮ ਖ਼ਾਂ ਮੁਰਦਾਬਾਦ` ਦੇ ਨਾਅਰਿਆਂ ਨਾਲ ਗੂੰਜਣ ਲੱਗਾ।
ਮਾਹੌਲ ਦੀ ਗੰਭੀਰਤਾ ਨੂੰ ਵੇਖਦਿਆਂ ਰਾਮਪੁਰ `ਚ ਅਮਰ ਸਿੰਘ ਦੀ ਆਮਦ ਤੋਂ ਪਹਿਲਾਂ ਹੀ ਪੀਡਬਲਿਯੂਡੀ ਗੈਸਟ ਹਾਊਸ `ਤੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਸਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਮਰ ਸਿੰਘ ਨੇ ਲਖਨਊ `ਚ ਪ੍ਰੈੱਸ ਕਾਨਫ਼ਰੰਸ ਕਰ ਕੇ 30 ਅਗਸਤ ਨੂੰ ਰਾਮਪੁਰ ਆਉਣ ਦਾ ਐਲਾਨ ਕੀਤਾ ਸੀ। ਉਨ੍ਹਾਂ ਲਖਨਊ `ਚ ਕਿਹਾ ਸੀ ਕਿ ਮੈਂ 30 ਅਗਸਤ ਨੂੰ ਰਾਮਪੁਰ ਆ ਰਿਹਾ ਹਾਂ। ਆਜ਼ਮ ਖ਼ਾਂ ਮੇਰੀ ਕੁਰਬਾਨੀ ਲੈ ਲੈਣ।