ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP ਚਰਨਜੀਤ ਸਿੰਘ ਰੋੜੀ ਤੋਂ ਖਫ਼ਾ ਹਨ ਸਿਰਸਾ ਹਲਕੇ ਦੇ ਬਹੁਤੇ ਵੋਟਰ

MP ਚਰਨਜੀਤ ਸਿੰਘ ਰੋੜੀ ਤੋਂ ਖਫ਼ਾ ਹਨ ਸਿਰਸਾ ਹਲਕੇ ਦੇ ਬਹੁਤੇ ਵੋਟਰ

ਸਿਰਸਾ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਚਰਨਜੀਤ ਸਿੰਘ ਰੋੜੀ ਕਰਦੇ ਹਨ। ਇਸ ਹਲਕੇ ਵਿੱਚ ਪੰਜਾਬ ਦੀ ਸਰਹੱਦ ਨਾਲ ਲੱਗਦੇ ਸਿਰਸਾ ਤੇ ਫ਼ਤਿਹਾਬਾਦ ਜ਼ਿਲ੍ਹੇ ਆਉਂਦੇ ਹਨ। ਇਹ ਹਲਕਾ 1967 ਦੌਰਾਨ ਹੋਂਦ ਵਿੱਚ ਆਇਆ ਸੀ ਤੇ ਤਦ ਤੋਂ ਹੀ ਇਹ ਦਲਿਤ ਉਮੀਦਵਾਰ ਲਈ ਰਾਖਵਾਂ ਹੈ। ਗੁਰਮੀਤ ਰਾਮ ਰਹੀਮ ਦਾ ਡੇਰਾ ਸੱਚਾ ਸੌਦਾ ਵੀ ਇਸੇ ਹਲਕੇ ਵਿੱਚ ਆਉਂਦਾ ਹੈ। ਸ੍ਰੀ ਚਰਨਜੀਤ ਸਿੰਘ ਰੋੜੀ ਨੇ ਸਾਲ 2014 ਦੀ ਚੋਣ ਦੌਰਾਨ ਕਾਂਗਰਸ ਦੇ ਉਮੀਦਵਾਰ ਅਸ਼ੋਕ ਤੰਵਰ ਨੂੰ 1.15 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ ਸੀ।

 

 

49 ਸਾਲਾ ਸ੍ਰੀ ਚਰਨਜੀਤ ਸਿੰਘ ਰੋੜੀ ਮੈਟ੍ਰਿਕ ਪਾਸ ਹਨ। ਉਨ੍ਹਾਂ ਦਾ ਸਿਆਸੀ ਕਰੀਅਰ ਰੋੜੀ ਪਿੰਡ ਦੇ ਸਰਪੰਚ ਵਜੋਂ ਸ਼ੁਰੂ ਹੋਈ ਸੀ। ਹੁਣ ਉਹ ਇੰਡੀਅਨ ਨੈਸ਼ਨਲ ਲੋਕ ਦਲ ਦੇ ਮੈਂਬਰ ਹਨ। ਉਂਝ ਉਹ ਪਹਿਲਾਂ ਕਾਲਿਆਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ।

 

 

ਪਹਿਲੀ ਵਾਰ ਐੱਮਪੀ (MP) ਬਣੇ ਸ੍ਰੀ ਚਰਨਜੀਤ ਸਿੰਘ ਰੋੜੀ ਨੇ ਸੰਸਦ ਵਿੱਚ ਆਪਣੇ ਕਾਰਜਕਾਲ ਦੌਰਾਨ 79 ਸੁਆਲ ਕੀਤੇ। ਉਨ੍ਹਾਂ ਟੈਲੀਫ਼ੋਨ ਕਾਲਾਂ ਰਾਹੀਂ ਹੋਣ ਵਾਲੀਆਂ ਧੋਖਾਧੜੀਆਂ, ਖੇਤੀਬਾੜੀ ਨਾਲ ਸਬੰਧਤ ਬੀਮਾ ਕਲੇਮ ਅਤੇ ਘੱਗਰ ਦਰਿਆ ਦੇ ਦੂਸ਼ਿਤ ਹੋਣ ਜਿਹੇ ਮੁੱਦੇ ਉਠਾਏ।

 

 

ਸ੍ਰੀ ਚਰਨਜੀਤ ਸਿੰਘ ਰੋੜੀ ਚੌਟਾਲਾ ਪਰਿਵਾਰ ਦੇ ਪਰਛਾਵੇਂ ਹੇਠ ਕੰਮ ਕਰ ਰਹੇ ਹਨ ਪਰ ਸ੍ਰੀ ਰੋੜੀ ਦੇ ਰਿਪੋਰਟ ਕਾਰਡ ਵਿੱਚ ਅਜਿਹਾ ਕੋਈ ਵੀ ਵੱਡਾ ਪ੍ਰੋਜੈਕਟ ਨਹੀਂ ਹੈ ਕਿ ਜਿਸ ਉੱਤੇ ਉਹ ਮਾਣ ਕਰ ਸਕਣ। ਉਹ ਸ਼ਹਿਰੀ ਇਲਾਕਿਆਂ ਦੀਆਂ ਜਨਤਕ ਸਮੱਸਿਆਵਾਂ ਵੀ ਹੱਲ ਨਹੀਂ ਕਰ ਸਕੇ। ਉਹ ਇਸ ਵਾਰ ਵੀ ਸੰਸਦੀ ਚੋਣ ਲੜਨ ਦੀਆਂ ਤਿਆਰੀਆਂ ਕਰ ਰਹੇ ਹਨ।

 

 

ਸ੍ਰੀ ਰੋੜੀ ਸਾਲ 2005 ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਰਹਿ ਚੁੱਕੇ ਹਨ। ਸਾਲ 2009 ’ਚ ਉਹ ਪਹਿਲੀ ਵਾਰ ਕਾਲਾਂਵਾਲੀ ਤੋਂ ਵਿਧਾਇਕ ਬਣੇ ਸਨ। ਹੁਣ ਸਿਰਸਾ ਹਲਕੇ ਵਿੱਚ ਇਹੋ ਵੱਡਾ ਸੁਆਲ ਹੈ ਕਿ ਕੀ ਸ੍ਰੀ ਰੋੜੀ ਦੋਬਾਰਾ ਜਿੱਤ ਹਾਸਲ ਕਰ ਕੇ ਸੰਸਦ ਵਿੱਚ ਜਾ ਸਕਣਗੇ।

 

 

ਸ੍ਰੀ ਰੋੜੀ ਨੇ ਆਪਣੇ ਹਲਕੇ ਦੇ ਪਿੰਡਾਂ ਵਿੱਚ ਯੂਥ ਕਲੱਬ ਖੋਲ੍ਹੇ ਸਨ ਤੇ ਉਨ੍ਹਾਂ ਰਾਹੀਂ ਆਮ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ ਗਿਆ ਹੈ।

 

 

ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਪਿਛਲੀ ਵਾਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦਾ ਪੁੱਤਰ ਅਜੇ ਚੌਟਾਲਾ ਨੂੰ ਜੇਬੀਟੀ ਅਧਿਆਪਕਾਂ ਦੀ ਭਰਤੀ ਦੇ ਕੇਸ ਵਿੱਚ ਕਥਿਤ ਘੁਟਾਲੇ ਕਾਰਨ ਜੇਲ੍ਹ ਜਾਣਾ ਪਿਆ; ਸ੍ਰੀ ਰੋੜੀ ਨੂੰ ਜਨਤਾ ਦੀ ਉਨ੍ਹਾਂ ਨਾਲ ਹਮਦਰਦੀ ਦਾ ਬਹੁਤ ਫ਼ਾਇਦਾ ਮਿਲਿਆ ਸੀ। ਸ੍ਰੀ ਰੋੜੀ ਇੱਕ ਦਲਿਤ ਸਿੱਖ ਹਨ ਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵੀ ਹਾਸਲ ਸੀ। ਪਰ ਐਤਕੀਂ ਉਨ੍ਹਾਂ ਨੂੰ ਸਿਰਸਾ ਸੰਸਦੀ ਹਲਕੇ ਤੋਂ ਜਿੱਤ ਹਾਸਲ ਕਰਨ ਲਈ ਕਾਫ਼ੀ ਮੁਸ਼ੱਕਤ ਕਰਨੀ ਪਵੇਗੀ।

 

 

ਸਿਰਸਾ ਹਲਕੇ ਦੇ ਵੋਟਰਾਂ ਦਾ ਕਹਿਣਾ ਹੈ ਕਿ ਸ੍ਰੀ ਚਰਨਜੀਤ ਸਿੰਘ ਰੋੜੀ ਨੂੰ ਆਮ ਵਿਅਕਤੀ ਵੀ ਬਹੁਤ ਸੁਖਾਲੇ ਢੰਗ ਨਾਲ ਮਿਲ ਸਕਦਾ ਹੈ ਪਰ ਉਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਤੋਂ ਅਸਮਰੱਥ ਹਨ।

 

 

ਸਿਰਸਾ ਦੇ ਰੋੜੀ ਬਾਜ਼ਾਰ ਦੇ ਇੱਕ ਵਪਾਰੀ ਸ੍ਰੀ ਸੁਭਾਸ਼ ਅਰੋੜਾ ਨੇ ਕਿਹਾ ਕਿ ਸਿਰਸਾ ਹਲਕੇ ਦੇ ਕਾਰੋਬਾਰੀ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਸ੍ਰੀ ਰੋੜੀ ਨੇ ਚੋਰੀ ਦੀਆਂ ਵਾਰਦਾਤਾਂ ਰੁਕਵਾਉਣ ਦਾ ਵਾਅਦਾ ਕਰ ਕੇ ਵੀ ਪ੍ਰਮੁੱਖ ਥਾਵਾਂ ਉੱਤੇ ਸੀਸੀਟੀਵੀ ਕੈਮਰੇ ਨਹੀਂ ਲਗਵਾਏ। ਵਪਾਰੀ ਇਸ ਨੂੰ ਸ੍ਰੀ ਰੋੜੀ ਦੀ ਵੱਡੀ ਨਾਕਾਮੀ ਮੰਨ ਰਹੇ ਹਨ।

 

 

ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੀ ਵਿਦਿਆਰਥਣ ਸ਼ਗੁਨ ਕੁਮਾਰੀ ਨੇ ਕਿਹਾ ਹੈ ਕਿ ਐੱਮਪੀ ਸ੍ਰੀ ਚਰਨਜੀਤ ਸਿੰਘ ਰੋੜੀ ਨੇ ਔਰਤਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ,‘ਐੱਮਪੀ ਜੇ ਚਾਹੁੰਦੇ, ਤਾਂ ਉਹ ਬੱਸ ਸੇਵਾਵਾਂ ਵਿੱਚ ਸੁਧਾਰ ਕਰਵਾ ਸਕਦੇ ਸਨ ਕਿ ਤਾਂ ਜੋ ਸਾਨੂੰ ਯੂਨੀਵਰਸਿਟੀ ਆਉਣ–ਜਾਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਮੈਨੂੰ ਪਿਛਲੇ ਪੰਜ ਸਾਲਾਂ ਦੌਰਾਨ ਕੋਈ ਤਬਦੀਲੀ ਨਹੀਂ ਦਿਸੀ।’ ਇੰਝ ਹੀ ਫ਼ਤਿਹਾਬਾਦ ਦੇ ਇੱਕ ਵਿਦਿਆਰਥੀ ਅਮਿਤ ਕੁਮਾਰ ਨੇ ਕਿਹਾ ਕਿ ਫ਼ਤਿਹਾਬਾਦ ਜ਼ਿਲ੍ਹੇ ਬਾਰੇ ਇਹੋ ਸਮਝਿਆ ਜਾਂਦਾ ਹੈ ਕਿ ਇੱਥੋਂ ਦੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਾਈ ਤੇ ਹਸਪਤਾਲਾਂ ਵਿੱਚ ਮੈਡੀਕਲ ਸਹੂਲਤਾਂ ਦਾ ਮਿਆਰ ਕੋਈ ਬਹੁਤਾ ਵਧੀਆ ਨਹੀਂ ਹੈ। ਵਿਦਿਆਰਥੀਆਂ ਨੂੰ ਉੱਚੇਰੀ ਸਿੱਖਿਆ ਲਈ ਹਿਸਾਰ ਜਾਂ ਸਿਰਸਾ ਜਾਣ ਵਾਸਤੇ 40 ਕਿਲੋਮੀਟਰ ਤੋਂ ਵੀ ਵੱਧ ਦਾ ਸਫ਼ਰ ਕਰਨਾ ਪੈਂਦਾ ਹੈ।

 

 

ਸ਼ਹਿਰੀ ਨਾਗਰਿਕ ਵੀ ਬਹੁਤ ਪਰੇਸ਼ਾਨ ਹਨ। ਪਰ ਇਸ ਦੇ ਬਾਵਜੁਦ ਸ੍ਰੀ ਚਰਨਜੀਤ ਸਿੰਘ ਰੋੜੀ ਨੇ ਗਊਸ਼ਾਲਾਵਾਂ ਲਈ ਦਿਲ ਖੋਲ੍ਹ ਕੇ ਫ਼ੰਡ ਮੁਹੱਈਆ ਕਰਵਾਏ ਹਨ ਤੇ ਪਿੰਡਾਂ ਤੇ ਸਕੂਲਾਂ ਵੱਲ ਜਾਂਦੀਆਂ ਸੜਕਾਂ ਬਣਵਾਈਆਂ ਹਨ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਸ੍ਰੀ ਚਰਨਜੀਤ ਸਿੰਘ ਰੋੜੀ ਨੇ ਕਿਹਾ ਕਿ ਉਹ ਸਿਰਸਾ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਲਈ ਮਿਆਰੀ ਸਿੱਖਿਆ ਦੇ ਇੰਤਜ਼ਾਮ ਕਰਵਾਉਣ ਲਈ ਸਰਗਰਮ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਸਮਾਰਟ ਕਲਾਸਰੂਮਜ਼ ਲਿਆਏ ਹਨ ਤੇ ਉਨ੍ਹਾਂ ਇਹ ਸਭ ਸਮਰਪਣ ਦੀ ਭਾਵਨਾ ਤੇ ਈਮਾਨਦਾਰੀ ਨਾਲ ਕੰਮ ਕੀਤਾ ਹੈ।

 

 

ਸ੍ਰੀ ਰੋੜੀ ਨੇ ਕਿਹਾ ਕਿ ਉਨ੍ਹਾਂ ਨੇ ਸਿਰਸਾ ਇਲਾਕੇ ਵਿੱਚ ਅਪਰਾਧ ਰੋਕਣ ਲਈ 49 ਲੱਖ ਰੁਪਏ ਦੀ ਲਾਗਤ ਨਾਲ 218 ਸੀਸੀਟੀਵੀ ਕੈਮਰੇ ਲਗਵਾਉਣੇ ਸਨ। ਧਨ ਜਾਰੀ ਵੀ ਕਰ ਦਿੱਤਾ ਸੀ ਪਰ ਪ੍ਰਸ਼ਾਸਨ ਹਾਲੇ ਤੱਕ ਉਸ ਲਈ ਰਸਮੀ ਕਾਰਵਾਈਆਂ ਕਰਨ ਵਿੱਚ ਰੁੱਝਾ ਹੋਇਆ ਹੈ; ਜਿਸ ਕਾਰਨ ਇਸ ਪ੍ਰੋਜੈਕਟ ਵਿੱਚ ਦੇਰੀ ਹੋ ਗਈ ਹੈ।

 

 

ਇਸ ਵਾਰ ਚੋਣ ਲੜਨ ਦੇ ਮੁੱਦੇ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਸ੍ਰੀ ਚਰਨਜੀਤ ਸਿੰਘ ਰੋੜੀ ਨੇ ਕਿਹਾ ਕਿ ਇਹ ਫ਼ੈਸਲਾ ਇੰਡੀਅਨ ਨੈਸ਼ਨਲ ਲੋਕ ਦਲ ਦੀ ਹਾਈ ਕਮਾਂਡ ਨੇ ਕਰਨਾ ਹੈ।

 

 

ਸ੍ਰੀ ਰੋੜੀ ਤੋਂ ਪੁੱਛਿਆ ਗਿਆ ਕਿ ਦੁਸ਼ਯੰਤ ਚੌਟਾਲਾ ਦੇ ਪਾਰਟੀ ਛੱਡ ਕੇ ਜਾਣ ਬਾਰੇ ਉਹ ਕੀ ਸੋਚਦੇ ਹਨ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਅਜਿਹੇ ਵੇਲੇ ਦੋਵੇਂ ਧਿਰਾਂ ਨੂੰ ਹੀ ਨੁਕਸਾਨ ਹੁੰਦਾ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦਾ ਸਭ ਤੋਂ ਵਧੀਆ ਪੱਖ ਉਸ ਦੇ ਕਾਰਕੁੰਨ ਹਨ। ‘ਇੱਕ ਸੱਚਾ ਵਰਕਰ ਕਦੇ ਪਾਰਟੀ ਨਹੀਂ ਛੱਡਦਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Voter of Sirsa LS Seat angry from MP Charanjit Singh Rori