ਕੋਰੋਨਾ ਲੌਕਡਾਊਨ ਵਿਚਕਾਰ ਸਰਕਾਰ ਨੇ ਅੱਜ 25 ਅਪ੍ਰੈਲ ਤੋਂ ਕੁਝ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ। ਦੁਕਾਨਾਂ ਖੋਲ੍ਹਣ ਬਾਰੇ ਭੰਬਲਭੂਸਾ ਦੂਰ ਕਰਨ ਲਈ ਗ੍ਰਹਿ ਮੰਤਰਾਲੇ ਨੇ ਸਪੱਸ਼ਟੀਕਰਨ ਜਾਰੀ ਕਰਦਿਆਂ ਕਿਹਾ ਹੈ ਕਿ ਸ਼ਾਪਿੰਗ ਮਾਲਾਂ ਨੂੰ ਛੱਡ ਕੇ ਪੇਂਡੂ ਖੇਤਰਾਂ 'ਚ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ।
ਉੱਥੇ ਹੀ ਸ਼ਹਿਰੀ ਖੇਤਰਾਂ ਲਈ ਇਹ ਕਿਹਾ ਗਿਆ ਹੈ ਕਿ ਸਾਰੀਆਂ ਸਟੈਂਡ ਅਲੋਨ ਦੁਕਾਨਾਂ, ਗੁਆਂਢ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਕੰਪਲੈਕਸਾਂ 'ਚ ਸਥਿੱਤ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਹੈ, ਪਰ ਈ-ਕਾਮਰਸ ਕੰਪਨੀਆਂ ਅਜੇ ਵੀ ਗ਼ੈਰ-ਜ਼ਰੂਰੀ ਚੀਜ਼ਾਂ ਨਹੀਂ ਵੇਚ ਸਕਣਗੀਆਂ। ਮਤਲਬ ਤੁਸੀਂ ਹਾਲੇ ਮੋਬਾਈਲ, ਫਰਿੱਜ, ਟੀ.ਵੀ. ਜਿਹੇ ਸਮਾਨ ਆਨਲਾਈਨ ਨਹੀਂ ਖਰੀਦ ਸਕੋਗੇ। ਹਾਲਾਂਕਿ ਈ-ਰਿਟੇਲਿੰਗ ਕੰਪਨੀਆਂ ਲਈ ਅਗਲੇ 6-9 ਮਹੀਨੇ ਕਾਫ਼ੀ ਵਧੀਆ ਰਹਿਣਗੇ। ਇੱਕ ਸਰਵੇਖਣ ਦੇ ਅਨੁਸਾਰ ਇਸ ਦੌਰਾਨ 64 ਫ਼ੀਸਦੀ ਗਾਹਕ ਆਨਲਾਈਨ ਖਰੀਦਦਾਰੀ ਨੂੰ ਤਰਜ਼ੀਹ ਦੇਣਗੇ। ਇਸ ਸਮੇਂ ਇਹ ਅੰਕੜਾ 46 ਫ਼ੀਸਦੀ ਹੈ।
ਕੁਝ ਦਿਨ ਪਹਿਲਾਂ ਈ-ਕਾਮਰਸ ਕੰਪਨੀਆਂ ਨੂੰ ਮੋਬਾਈਲ ਫ਼ੋਨ, ਫਰਿੱਜ ਅਤੇ ਰੈਡੀਮੇਡ ਕੱਪੜੇ ਆਦਿ ਵੇਚਣ ਦੀ ਮਨਜੂਰੀ ਦਿੱਤੀ ਗਈ ਸੀ, ਪਰ ਇਹ ਛੋਟ ਥੋੜੀ ਦੇਰ ਬਾਅਦ ਵਾਪਸ ਲੈ ਲਈ ਗਈ ਸੀ। ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਲੌਕਡਾਊਨ ਸਮੇਂ ਈ-ਕਾਮਰਸ ਕੰਪਨੀਆਂ ਆਪਣੇ ਪਲੇਟਫ਼ਾਰਮ ਰਾਹੀਂ ਗ਼ੈਰ-ਜ਼ਰੂਰੀ ਚੀਜ਼ਾਂ ਵੇਚ ਨਹੀਂ ਸਕਣਗੀਆਂ। ਦੱਸ ਦੇਈਏ ਕਿ ਦੇਸ਼ 'ਚ 3 ਮਈ ਤੱਕ ਲੌਕਡਾਊਨ ਲੱਗਿਆ ਹੋਇਆ ਹੈ।
ਸੂਚਨਾ ਤਕਨਾਲੋਜੀ ਕੰਪਨੀ ਕੈਪਜ਼ੇਮਿਨੀ ਦੀ ਰਿਪੋਰਟ ਦੇ ਅਨੁਸਾਰ ਦੇਸ਼ 'ਚ ਲਾਗੂ ਕੀਤੇ ਗਏ ਲੌਕਡਾਊਨ ਕਾਰਨ ਆਨਲਾਈਨ ਮਾਧਿਅਮ ਰਾਹੀਂ ਖਰੀਦਾਰੀ 'ਚ ਵਾਧਾ ਹੋਇਆ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ ਬੰਦ ਦੇ ਹਟਣ ਤੋਂ ਬਾਅਦ ਵੀ ਇਹ ਰੁਝਾਨ ਜਾਰੀ ਰਹਿਣ ਦੀ ਸੰਭਾਵਨਾ ਹੈ। ਇਹ ਸਰਵੇਖਣ ਅਪ੍ਰੈਲ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਕੀਤਾ ਗਿਆ ਸੀ।