ਲੁਧਿਆਣਾ ਦੇ ਇੱਕ ਵੈਕਸ–ਮਿਊਜ਼ੀਅਮ (ਮੋਮ ਦਾ ਅਜਾਇਬਘਰ) ’ਚ ਅੱਜ ਮੋਮ ਦਾ ਇੱਕ ਪੁਤਲਾ ਸਥਾਪਤ ਕੀਤਾ ਗਿਆ। ਲੋਕਾਂ ਨੇ ਇਸ ਪੁਤਲੇ ਨਾਲ ਸੈਲਫ਼ੀਆਂ ਲਈਆਂ ਤੇ ਮਿਠਾਈਆਂ ਵੀ ਖੁਆਈਆਂ।
16 ਅਗਸਤ, 1968 ਨੂੰ ਜਨਮੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਉਹ ਦਸੰਬਰ 2013 ਤੇ ਫ਼ਰਵਰੀ 2014 ’ਚ ਵੀ ਮੁੱਖ ਮੰਤਰੀ ਬਣੇ ਸਨ। ਇਸ ਵੇਲੇ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਵੀ ਹਨ।
ਦਿੱਲੀ ਵਿਧਾਨ ਸਭਾ ਦੀਆਂ ਹਾਲੀਆ ਚੋਣਾਂ ’ਚ ਸ੍ਰੀ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਕੁੱਲ 70 ਵਿੱਚੋਂ 62 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਪਿਛਲੀ ਵਿਧਾਨ ਸਭਾ ’ਚ ਉਨ੍ਹਾਂ ਕੋਲ 67 ਸੀਟਾਂ ਸਨ।
ਸ੍ਰੀ ਕੇਜਰੀਵਾਲ ਨੂੰ ਰਮਨ ਮੈਗਸੇਸੇ ਐਵਾਰਡ ਮਿਲ ਚੁੱਕਾ ਹੈ। ਪੁਰਸਕਾਰ ਵਿੱਚ ਜਿਹੜੀ ਰਕਮ ਮਿਲੀ ਸੀ, ਉਸ ਰਾਹੀਂ ਉਨ੍ਹਾਂ ‘ਪਬਲਿਕ ਕੌਜ਼ ਰੀਸਰਚ ਫ਼ਾਊਂਡੇਸ਼ਨ’ ਵੀ ਕਾਇਮ ਕੀਤਾ ਸੀ।
ਸਿਆਸਤ ’ਚ ਆਉਣ ਤੋਂ ਪਹਿਲਾਂ ਸ੍ਰੀ ਕੇਜਰੀਵਾਲ ਨਵੀਂ ਦਿੱਲੀ ’ਚ ਆਮਦਨ ਟੈਕਸ ਵਿਭਾਗ ਵਿੱਚ ਜੁਆਇੰਟ ਕਮਿਸ਼ਨਰ ਸਨ ਤੇ ਉਹ IRS ਅਧਿਕਾਰੀ ਦਾ ਅਹੁਦਾ ਸੀ। ਪਰ ਉਨ੍ਹਾਂ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿੱਢਣ ਲਈ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸ੍ਰੀ ਕੇਜਰੀਵਾਲ ਆਈਆਈਟੀ ਖੜਗਪੁਰ ਤੋਂ ਗ੍ਰੈਜੂਏਟ ਮਕੈਨੀਕਲ ਇੰਜੀਨੀਅਰ ਹਨ।
ਸ੍ਰੀ ਕੇਜਰੀਵਾਲ ਦਾ ਜਨਮ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਨਗਰ ਸਿਵਾਨੀ ਵਿਖੇ ਇੱਕ ਮੱਧ–ਵਰਗ ਦੇ ਪੜ੍ਹੇ–ਲਿਖੇ ਅਗਰਵਾਲ ਪਰਿਵਾਰ ’ਚ ਹੋਇਆ ਸੀ। ਉਹ ਪਿਤਾ ਸ੍ਰੀ ਗੋਬਿੰਦ ਰਾਮ ਕੇਜਰੀਵਾਲ ਤੇ ਮਾਤਾ ਸ੍ਰੀਮਤੀ ਗੀਤਾ ਦੇਵੀ ਦੀਆਂ ਤਿੰਨ ਸੰਤਾਨਾਂ ’ਚੋਂ ਸਭ ਤੋਂ ਵੱਡੇ ਹਨ।
ਸ੍ਰੀ ਕੇਜਰੀਵਾਲ ਦਾ ਜ਼ਿਆਦਾਤਰ ਬਚਪਨ ਸੋਨੀਪਤ, ਗ਼ਾਜ਼ੀਆਬਾਦ ਤੇ ਹਿਸਾਰ ਜਿਹੇ ਸ਼ਹਿਰਾਂ ’ਚ ਬੀਤਿਆ ਸੀ। ਮੁਢਲੀ ਸਿੱਖਿਆ ਉਨ੍ਹਾਂ ਹਿਸਾਰ ਦੇ ਕੈਂਪਸ ਸਕੂਲ ਅਤੇ ਸੋਨੀਪਤ ਦੇ ਕ੍ਰਿਸਚੀਅਨ ਮਿਸ਼ਨਰੀ ਹੋਲੀ ਚਾਈਲਡ ਸਕੂਲ ’ਚ ਹਾਸਲ ਕੀਤੀ ਸੀ।
ਸ੍ਰੀ ਕੇਜਰੀਵਾਲ ਪਹਿਲਾਂ ਮਦਰ ਟੈਰੇਸਾ ਦੇ ਮਿਸ਼ਨਰੀਜ਼ ਆੱਫ਼ ਚੈਰਿਟੀ ਤੇ ਉੱਤਰ–ਪੂਰਬੀ ਭਾਰਤ ਦੀ ਰਾਮਕ੍ਰਿਸ਼ਨ ਮਿਸ਼ਨ ਅਤੇ ਨਹਿਰੂ ਯੁਵਾ ਕੇਂਦਰ ਜਿਹੇ ਪ੍ਰਮੁੱਖ ਸੰਸਥਾਨਾਂ ਲਈ ਵਲੰਟੀਅਰ ਵਜੋਂ ਕੰਮ ਕਰ ਚੁੱਕੇ ਹਨ।
ਸ੍ਰੀ ਅਰਵਿੰਦ ਕੇਜਰੀਵਾਲ ਦਾ ਵਿਆਹ 1994 ’ਚ ਸ੍ਰੀਮਤੀ ਸੁਨੀਤਾ ਰਾਣੀ ਨਾਲ ਹੋਇਆ ਸੀ। ਉਨ੍ਹਾਂ ਦੀ ਇੱਕ ਧੀ ਹਰਸ਼ਿਤਾ ਤੇ ਪੁੱਤਰ ਪੁਲਕਿਤ ਹਨ।