ਪੱਛਮੀ ਬੰਗਾਲ ਦੇ ਹੜਤਾਲੀ ਡਾਕਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ‘ਬੰਦ ਕਮਰੇ ਵਿੱਚ ਗੱਲਬਾਤ’ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ ਤੇ ਇੰਝ ਪਿਛਲੇ ਪੰਜ ਦਿਨਾਂ ਤੋਂ ਚੱਲੇ ਆ ਰਹੇ ਸਿਹਤ–ਸੰਭਾਲ ਸੰਕਟ ਦਾ ਤੁਰੰਤ ਕੋਈ ਹੱਲ ਨਿੱਕਲਦਾ ਨਹੀਂ ਦਿਸ ਰਿਹਾ। ਉੱਧਰ ਮਰੀਜ਼ ਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਲੋਕਾਂ ਦਾ ਬੁਰਾ ਹਾਲ ਹੈ। ਉਨ੍ਹਾਂ ਸਰਕਾਰ ਦੇ ਰਵੱਈਏ ਪ੍ਰਤੀ ਅਸੰਤੁਸ਼ਟੀ ਪ੍ਰਗਟਾਈ ਹੈ।
ਡਾਕਟਰਾਂ ਨੇ ਇੰਨਾ ਜ਼ਰੂਰ ਕਿਹਾ ਕਿ ਉਹ ਪ੍ਰਦਰਸ਼ਨ ਖ਼ਤਮ ਕਰਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਵਾਸਤੇ ਤਾਂ ਤਿਆਰ ਹਨ ਪਰ ਮੁਲਾਕਾਤ ਦੀ ਥਾਂ ਉਹ ਬਾਅਦ ’ਚ ਤੈਅ ਕਰਨਗੇ।
ਇਸ ਤੋਂ ਪਹਿਲਾਂ ਸ਼ਾਮੀਂ ਉਨ੍ਹਾਂ ਸੂਬਾ ਸਕੱਤਰੇਤ ’ਚ ਮੁੱਖ ਮੰਤਰੀ ਨਾਲ ਮੀਟਿੰਗ ਦਾ ਪ੍ਰਸਤਾਵ ਰੱਦ ਕਰ ਦਿੱਤਾ ਸੀ। ਸਰਕਾਰ ਨੇ ਉਨ੍ਹਾਂ ਨੂੰ ਖੁੱਲ੍ਹੀ ਗੱਲਬਾਤ ਲਈ ਐੱਨਆਰਐੱਸ ਮੈਡੀਕਲ ਕਾਲਜ ਹਸਪਤਾਲ ਆਉਣ ਲਈ ਆਖਿਆ ਸੀ।
ਇੱਥੇ ਵਰਨਣਯੋਗ ਹੈ ਕਿ ਬੀਤੇ ਸੋਮਵਾਰ 10 ਜੂਨ ਨੂੰ 75 ਸਾਲਾ ਮੁਹੰਮਦ ਸਈਦ ਦੀ ਐੱਨਆਰਐੱਸ ਮੈਡੀਕਲ ਕਾਲਜ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨੇ ਦੋ ਜੂਨੀਅਰ ਡਾਕਟਰਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਜੂਨੀਅਰ ਡਾਕਟਰਾਂ ਦੇ ਗ਼ਲਤ ਇੰਜੈਕਸ਼ਨ ਕਾਰਨ ਮਰੀਜ਼ ਦੀ ਮੌਤ ਹੋਈ ਹੈ।
ਇਸ ਕੁੱਟਮਾਰ ਕਾਰਨ ਦੋ ਜੂਨੀਅਰ ਡਾਕਟਰਾਂ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ। ਉਨ੍ਹਾਂ ਵਿੱਚੋਂ ਇੱਕ ਦੇ ਤਾਂ ਸਿਰ ਵਿੱਚ ਗੰਭੀਰ ਸੱਟ ਲੱਗੀ ਸੀ ਤੇ ਉਸ ਦਾ ਆਪਰੇਸ਼ਨ ਵੀ ਕਰਨਾ ਪਿਆ ਹੈ। ਉਸ ਤੋਂ ਬਾਅਦ ਸਾਰੇ ਡਾਕਟਰਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਫਿਰ ਹੌਲੀ–ਹੌਲੀ ਡਾਕਟਰਾਂ ਦਾ ਇਹ ਅੰਦੋਲਨ ਸਮੁੱਚੇ ਦੇਸ਼ ਵਿੱਚ ਹੀ ਫੈਲ ਗਿਆ ਸੀ।
ਹੜਤਾਲੀ ਡਾਕਟਰ ਹੁਣ ਆਖ ਰਹੇ ਹਨ ਕਿ ਪਹਿਲਾਂ ਤਾਂ ਮੁੱਖ ਮੰਤਰੀ ਕੁਮਾਰੀ ਮਮਤਾ ਬੈਨਰਜੀ ਡਾਕਟਰਾਂ ਨੂੰ ਦਿੱਤੇ ਬਿਆਨ ਉੱਤੇ ਬਿਨਾ ਸ਼ਰਤ ਮਾਫ਼ੀ ਮੰਗਣ, ਫਿਰ ਡਾਕਟਰਾਂ ਉੱਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਇੱਕ ਬਿਆਨ ਜਾਰੀ ਕਰਨ।
ਹਿੰਸਾ ਤੋਂ ਬਾਅਦ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਜਾਂਚ ਕਿਉਂ ਨਹੀਂ ਕੀਤੀ, ਇਸ ਦੀ ਵੀ ਪੜਤਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡਾਕਟਰਾਂ ਨੇ ਹਮਲਾਵਰਾਂ ਵਿਰੁੱਧ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਵੀ ਰੱਖੀ ਹੈ। ਜੂਨੀਅਰ ਡਾਕਟਰਾਂ ਤੇ ਮੈਡੀਕਲ ਵਿਦਿਆਰਥੀਆਂ ਉੱਤੇ ਝੂਠੇ ਦੋਸ਼ ਵਾਪਸ ਲੈਣ ਦੀ ਗੱਲ ਕੀਤੀ ਗਈ ਹੈ।