ਬੀਤੇ ਕੱਲ੍ਹ ਸ਼ੁੱਕਰਵਾਰ ਨੂੰ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਦੂਜੀ ਵਾਰ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਖ਼ੁਸ਼ੀ ਇਸ ਗੱਲ ਦੀ ਹੈ ਕਿ ਜਿਹੜੇ ਮੰਤਰਾਲੇ ਦੀ ਪਹਿਲਾਂ ਕਦੇ ਕੋਈ ਗੱਲ ਵੀ ਨਹੀਂ ਕਰਦਾ ਸੀ, ‘ਮੇਕ ਇਨ ਇੰਡੀਆ’ ਮੁਹਿੰਮ ਵਿੱਚ ਇਸ ਮੰਤਰਾਲੇ ਉੱਤੇ ਸਭ ਦਾ ਧਿਆਨ ਕੇਂਦ੍ਰਿਤ ਹੋਇਆ। ਇਸ ਅਧੀਨ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵੱਲ ਧਿਆਨ ਦਿੱਤਾ ਗਿਆ।
ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਬੁਨਿਆਦੀ ਢਾਂਚਾ ਸਿਰਜਿਆ ਤੇ ਅਗਲੇ ਦੋ ਕੁ ਸਾਲਾਂ ਅੰਦਰ ਇਸ ਦੇ ਲਾਭ ਦਿਸਣ ਲੱਗ ਪੈਣਗੇ। ਇਸ ਨਾਲ ਦਿਹਾਤੀ ਭਾਰਤ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ। ‘ਕਿਸਾਨ ਦੇ ਪੁੱਤਰ ਨੂੰ ਖੇਤੀਬਾੜੀ ਦਾ ਕਿੱਤਾ ਛੱਡਣਾ ਨਹੀਂ ਚਾਹੀਦਾ। ਉਨ੍ਹਾਂ ਨੂੰ ਬਿਹਤਰ ਫ਼ਸਲਾਂ ਲੈਣ ਦੇ ਢੰਗ–ਤਰੀਕੇ ਦੱਸਣ ਤੇ ਉਨ੍ਹਾਂ ਤੱਕ ਯੋਗ ਤਕਨਾਲੋਜੀ ਪਹੁੰਚਾਉਣ ਦੀ ਜ਼ਰੂਰਤ ਹੈ।’
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ’ਚ ਗੁਰੂ ਨਾਨਕ ਮਹੱਲ ਢਾਹੁਣ ਦਾ ਮਾਮਲਾ ਉਸ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕੋਲ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਉਸ ਇਮਾਰਤ ਦਾ ਮਹੱਤਵ ਹੈ ਪਰ ਪਾਕਿਸਤਾਨ ਵਿੱਚ ਉਸ ਨੂੰ ਢਾਹ ਦਿੱਤਾ ਗਿਆ ਹੈ।