ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ.ਹਰਸ਼ ਵਰਧਨ ਨੇ ਕੋਵਿਡ-19 ਦੇ ਪ੍ਰਬੰਧਨ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਮੰਡੋਲੀ ਜੇਲ੍ਹ ਸਥਿਤ ਕੋਵਿਡ ਕੇਅਰ ਸੈਂਟਰ (ਸੀਸੀਸੀ) ਨਵੀਂ ਦਿੱਲੀ ਦਾ ਦੌਰਾ ਕੀਤਾ। ਹਸਪਤਾਲ ਦੀਆਂ ਤਿਆਰੀਆਂ ਨਾਲ ਸਬੰਧਿਤ ਉੱਭਰਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਡੋਲੀ ਸੀਸੀਸੀ ਇੱਕ ਪੁਲਿਸ ਰਿਹਾਇਸ਼ ਸੈਂਟਰ ਹੈ, ਜਿਸ ਨੂੰ ਸਮਰਪਿਤ ਕੋਵਿਡ-19 ਸੈਂਟਰ ਵਿੱਚ ਤਬਦੀਲ ਕੀਤਾ ਗਿਆ ਹੈ ਜਿਸ ਵਿੱਚ ਮਾਮੂਲੀ/ ਬੇਹੱਦ ਮਾਮੂਲੀ ਲੱਛਣਾਂ ਵਾਲੇ ਕੋਵਿਡ 19 ਰੋਗੀਆਂ ਲਈ ਲੋੜੀਂਦੀ ਸੰਖਿਆ ਵਿੱਚ ਆਈਸੋਲੇਸ਼ਨ ਕਮਰੇ ਅਤੇ ਬਿਸਤਰੇ ਹਨ।
ਸ਼ੁਰੂ ਵਿੱਚ ਡਾ. ਹਰਸ਼ ਵਰਧਨ ਨੇ ਕਿਹਾ," ਕੋਵਿਡ-19 ਦੇ ਪ੍ਰਬੰਧਨ ਲਈ ਦੇਸ਼ ਭਰ ਵਿੱਚ ਕਾਫੀ ਬੁਨਿਆਦੀ ਸਿਹਤ ਸੇਵਾਵਾਂ ਅਤੇ ਸਹੂਲਤਾਂ ਦੀ ਸਥਾਪਨਾ ਕੀਤੀ ਗਈ ਹੈ। ਇਨ੍ਹਾਂ ਨੂੰ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ ਅਤੇ ਸਮਰਪਿਤ ਕੋਵਿਡ ਹਸਪਤਾਲ (ਡੀਸੀਐੱਚ), ਸਮਰਪਿਤ ਕੋਵਿਡ ਸਿਹਤ ਕੇਂਦਰ (ਡੀਸੀਐੱਚਸੀ) ਅਤੇ ਕੋਵਿਡ ਕੇਅਰ ਸੈਂਟਰ (ਸੀਸੀਸੀ), ਜਿਥੇ ਕਾਫੀ ਗਿਣਤੀ ਵਿੱਚ ਆਈਸੋਲੇਸ਼ਨ ਬੈੱਡਾਂ, ਆਈਸੀਯੂ ਬਿਸਤਰਿਆਂ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।" ਅਜਿਹੀਆਂ ਸਹੂਲਤਾਂ ਦੀ ਗਿਣਤੀ ਬਾਰੇ ਦਸਦੇ ਹੋਏ ਉਨ੍ਹਾਂ ਕਿਹਾ, "ਦੇਸ਼ ਭਰ ਵਿੱਚ 1,65,723 ਬਿਸਤਿਆਂ (1,47,128 ਆਈਸੋਲੇਸ਼ਨ ਬਿਸਤਰਿਆਂ ਅਤੇ ਆਈਸੀਯੂ ਬਿਸਤਰਿਆਂ) ਵਾਲੇ 855 ਸਮਰਪਿਤ ਕੋਵਿਡ ਹਸਪਤਾਲਾਂ, 1,31,352 ਬਿਸਤਰਿਆਂ (1,21,403 ਆਈਸੋਲੇਸ਼ਨ ਬਿਸਤਰਿਆਂ ਅਤੇ 9949 ਆਈਸੀਯੂ ਬਿਸਤਰਿਆਂ) ਵਾਲੇ 1,984 ਸਮਰਪਿਤ ਕੋਵਿਡ ਸਿਹਤ ਕੇਂਦਰਾਂ ਅਤੇ 3,46,856 ਬਿਸਤਰਿਆਂ ਵਾਲੇ 4,362 ਕੋਵਿਡ ਕੇਅਰ ਸੈਂਟਰਾਂ ਦੀ ਪਛਾਣ ਕੀਤੀ ਗਈ ਹੈ। ਦਿੱਲੀ ਵਿੱਚ ਤਕਰੀਬਨ 5,000 ਬਿਸਤਰਿਆਂ ਦੀ ਸਮਰੱਥਾ ਵਾਲੇ 17 ਕੋਵਿਡ ਕੇਅਰ ਸੈਂਟਰ ਹਨ।
ਉਨ੍ਹਾਂ ਕਿਹਾ, "ਪਿਛਲੇ ਕੁਝ ਦਿਨਾਂ ਤੋਂ ਮੈਂ ਕੋਵਿਡ-19 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਏਮਸ ਟ੍ਰਾਮਾ ਸੈਂਟਰ ਦਿੱਲੀ, ਐੱਲਐੱਨਜੇਪੀ, ਆਰਐੱਮਐੱਲ, ਸਫਦਰਜੰਗ, ਏਮਸ ਝੱਜਰ, ਰਾਜੀਵ ਗਾਂਧੀ ਸੁਪਰ ਸਪੈਸ਼ਲਿਟੀ ਹਸਪਤਾਲਾਂ, ਐੱਲਐੱਚਐੱਮਸੀ ਵਰਗੇ ਵੱਖ-ਵੱਖ ਸਮਰਪਿਤ ਕੋਵਿਡ ਹਸਪਤਾਲਾਂ ਦਾ ਦੌਰਾ ਕਰ ਰਿਹਾ ਹਾਂ। ਇਸ ਵਾਰੀ ਮੈਂ ਮੰਡੋਲੀ ਕੋਵਿਡ ਕੇਅਰ ਸੈਂਟਰ ਦਾ ਦੌਰਾ ਕਰਨ ਅਤੇ ਇਸ ਸੈਂਟਰ ਦੁਆਰਾ ਕੀਤੇ ਗਏ ਪ੍ਰਬੰਧਾਂ ਨੂੰ ਦੇਖਣ ਦਾ ਫੈਸਲਾ ਕੀਤਾ।"
ਇਸ ਦੌਰੇ ਵਿੱਚ ਡਾ. ਹਰਸ਼ ਵਰਧਨ ਨੂੰ ਦੱਸਿਆ ਗਿਆ ਕਿ ਮੰਡੋਲੀ ਸੀਸੀਸੀ ਵਿੱਚ 12 ਟਾਵਰ ਹਨ, ਜਿਨ੍ਹਾਂ ਵਿੱਚੋਂ 575 ਕੋਵਿਡ-19 ਮਰੀਜ਼ਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਇਸ ਵਿੱਚ 750 ਮਰੀਜ਼ਾਂ ਦੀ ਦੇਖਰੇਖ ਕਰਨ ਦੀ ਸਮਰੱਥਾ ਹੈ। ਉਨ੍ਹਾਂ ਨੇ ਟਾਵਰ-1 ਦਾ ਦੌਰਾ ਕੀਤਾ ਅਤੇ ਜੰਮੂ-ਕਸ਼ਮੀਰ, ਆਂਧਰਾ ਪ੍ਰਦੇਸ਼, ਤਮਿਲ ਨਾਡੂ ਅਤੇ ਅਸਾਮ ਤੋਂ ਆਏ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਅਤੇ ਚਿੰਤਾਵਾਂ ਬਾਰੇ ਪੁੱਛਿਆ। ਉਨ੍ਹਾਂ ਡਾਕਟਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਸਿਹਤ ਮੰਤਰੀ ਨੂੰ ਸੀਸੀਸੀ ਵਿੱਚ ਸਹੂਲਤਾਂ ਬਾਰੇ ਦੱਸਿਆ। ਡਾ. ਹਰਸ਼ ਵਰਧਨ ਨੇ ਕਿਹਾ, "ਮੈਨੂੰ ਇਹ ਜਾਣ ਕੇ ਬੇਹਦ ਖੁਸ਼ੀ ਹੋਈ ਹੈ ਕਿ ਕਈ ਕੋਵਿਡ-19 ਪਾਜ਼ਿਟਿਵ ਮਰੀਜ਼ ਹੁਣ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਹੈ। ਜਲਦੀ ਹੀ ਉਹ ਲੰਬੀ ਅਤੇ ਸਿਹਤਮੰਦ ਜੀਵਨ ਬਿਤਾਉਣ ਲਈ ਆਪਣੇ ਘਰਾਂ ਨੂੰ ਪਰਤ ਜਾਣਗੇ।"
ਮਾਸਕ ਜਾਂ ਫੇਸ ਕਵਰ ਪਾਉਣ, ਲਗਾਤਾਰ ਹੱਥ ਧੋਣ ਅਤੇ ਸਰੀਰਕ ਦੂਰੀ ਰੱਖਣ ਉੱਤੇ ਜ਼ੋਰ ਦੇਂਦੇ ਹੋਏ ਡਾ. ਹਰਸ਼ ਵਰਧਨ ਨੇ ਕਿਹਾ, "ਇਨ੍ਹਾਂ ਆਦਤਾਂ ਨਾਲ ਸਾਨੂੰ ਕੋਵਿਡ-19 ਦੇ ਨਾਲ ਨਾਲ ਹੋਰ ਬਿਮਾਰੀਆਂ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ। ਅਤੀਤ ਵਿੱਚ ਸਰਕਾਰ ਦੇ ਯਤਨ ਚੇਚਕ ਅਤੇ ਪੋਲੀਓ ਦਾ ਖਾਤਮਾ ਕਰਨ ਵਿੱਚ ਸਫਲ ਸਿੱਧ ਹੋਏ ਹਨ। ਅਸੀਂ ਸਾਰੇ ਮਿਲਕੇ ਲੜਾਂਗੇ ਅਤੇ ਕੋਰੋਨਾ ਵਾਇਰਸ ਨੂੰ ਵੀ ਹਰਾਵਾਂਗੇ।"
ਉਨ੍ਹਾਂ ਦੱਸਿਆ ਕਿ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਨਾਲ ਕੇਂਦਰੀ ਸੰਸਥਾਵਾਂ ਨੂੰ ਤਕਰੀਬਨ 72 ਲੱਖ ਐੱਨ-95 ਮਾਸਕ ਅਤੇ ਤਕਰੀਬਨ 36 ਲੱਖ ਪੀਪੀਈ ਮੁਹੱਈਆ ਕਰਵਾਏ ਗਏ ਹਨ। ਇਸੇ ਉੱਤੇ ਤਰ੍ਹਾਂ ਮਰੀਜ਼ਾਂ ਦੁਆਰਾ ਸਿਹਤ ਸੇਵਾ ਉਪਕਰਣਾਂ ਦੀ ਅਸਲ ਵਰਤੋਂ ਬਾਰੇ ਜਾਣਕਾਰੀ ਦੇਂਦੇ ਹੋਏ ਉਨ੍ਹਾਂ ਦੱਸਿਆ, " ਅੱਜ ਤਕ ਕੋਵਿਡ-19 ਦੇ ਸਰਗਰਮ ਤਸਦੀਕਸ਼ੁਦਾ ਮਾਮਲਿਆਂ ਦੇ ਅਧਾਰ ‘ਤੇ ਅਸੀਂ ਵਿਚਾਰ ਕੀਤਾ ਕਿ ਇਨ੍ਹਾਂ ਕੋਵਿਡ-19 ਮਰੀਜ਼ਾਂ ਵਿੱਚੋਂ ਸਿਰਫ 2.48 % ਨੂੰ ਹੀ ਆਈਸੀਯੂ ਸਹੂਲਤ ਦੀ ਲੋੜ ਪਈ 1.96 % ਮਰੀਜ਼ਾਂ ਨੂੰ ਆਕਸੀਜਨ ਲਗਾਉਣ ਦੀ ਲੋੜ ਪਈ ਅਤੇ ਸਿਰਫ 0.40 % ਨੂੰ ਹੀ ਵੈਂਟੀਲੇਟਰ ਦੀ ਸਹਾਇਤਾ ਦੀ ਲੋੜ ਪਈ।"
ਟੈਸਟ ਕਰਨ ਦੀ ਸਮਰੱਥਾ ਦੀ ਸਥਿਤੀ ਅਤੇ ਦੇਸ਼ ਵਿੱਚ ਸਮਰੱਥਾ ਬਾਰੇ ਉਨ੍ਹਾਂ ਦੱਸਿਆ, "ਅੱਜ ਸਾਡੇ ਕੋਲ 343 ਸਰਕਾਰੀ ਲੈਬਾਰਟਰੀਆਂ ਅਤੇ 129 ਨਿਜੀ ਲੈਬਾਰਟਰੀਆਂ ਦੀ ਲੜੀ ਹੈ। ਦੋਹਾਂ ਵਿੱਚ ਟੈਸਟ ਕਰਨ ਦੀ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ ਅਤੇ ਅੱਜ ਤੱਕ ਰੋਜ਼ਾਨਾ ਤਕਰੀਬਨ 95,000 ਟੈਸਟ ਕੀਤੇ ਜਾ ਸਕਦੇ ਹਨ। ਕੱਲ੍ਹ ਹੀ ਅਸੀਂ 86,368 ਟੈਸਟ ਕੀਤੇ। ਕੱਲ੍ਹ ਤੱਕ ਸਾਡੇ ਦੁਆਰਾ ਕੁੱਲ 16.09.777 ਟੈਸਟ ਕੀਤੇ ਜਾ ਚੁੱਕੇ ਸਨ।"
ਡਾ. ਹਰਸ਼ ਵਰਧਨ ਨੇ ਇਹ ਵੀ ਦੱਸਿਆ ਕਿ ਰਾਜਾਂ ਦੁਆਰਾ ਕੋਵਿਡ-19 ਦਾ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਸਹਾਇਤਾ ਕਰਨ ਅਤੇ ਉਨ੍ਹਾਂ ਵਿੱਚ ਵਾਧਾ ਕਰਨ ਲਈ ਮਾਹਿਰਾਂ ਦੀਆਂ ਕੇਂਦਰੀ ਟੀਮਾਂ ਨੂੰ 10 ਰਾਜਾਂ - ਗੁਜਰਾਤ, ਤਮਿਲ ਨਾਡੂ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਭੇਜਿਆ ਜਾ ਰਿਹਾ ਹੈ।
ਦੇਸ਼ ਵਿੱਚ ਕੋਵਿਡ-19 ਉੱਤੇ ਕਾਬੂ ਪਾਉਣ ਦੀ ਸਥਿਤੀ ਬਾਰੇ ਮੰਤਰੀ ਨੇ ਦੱਸਿਆ, "ਲੌਕਡਾਊਨ ਤੋਂ ਪਹਿਲਾਂ 25 ਮਾਰਚ, 2020 ਨੂੰ ਮਾਮਲਿਆਂ ਦੇ ਦੁੱਗਣਾ ਹੋਣ ਦੀ ਦਰ 3 ਦਿਨਾਂ ਦੀ ਮਿਆਦ ਵਿੱਚ ਮਾਪੇ ਜਾਣ ‘ਤੇ 3.2 ਸੀ, 7 ਦਿਨ ਦੀ ਮਿਆਦ ਵਿੱਚ ਮਾਪੇ ਜਾਣ ਉੱਤੇ 3.0 ਸੀ ਅਤੇ 14 ਦਿਨਾਂ ਦੀ ਮਿਆਦ ਵਿੱਚ ਮਾਪੇ ਜਾਣ ਉੱਤੇ 4.1 ਸੀ। ਅੱਜ 3 ਦਿਨਾਂ ਦੀ ਮਿਆਦ ਵਿੱਚ ਇਹ 12.0 ਹੈ, 7 ਦਿਨ ਦੀ ਮਿਆਦ ਵਿੱਚ ਮਾਪੇ ਜਾਣ ਉੱਤੇ 10.1 ਹੈ ਅਤੇ 14 ਦਿਨਾਂ ਦੀ ਮਿਆਦ ਵਿੱਚ ਮਾਪੇ ਜਾਣ ਉੱਤੇ 11.01 ਹੈ। ਇਸੇ ਤਰ੍ਹਾਂ ਮੌਤ ਦਰ 3.3 % ਹੈ ਜਦਕਿ ਠੀਕ ਹੋਣ ਦੀ ਦਰ ਸੁਧਰ ਕੇ 30.7 % ਹੋ ਚੁੱਕੀ ਹੈ।
ਸਪਸ਼ਟ ਤੌਰ ਤੇ ਲੌਕਡਾਊਨ ਕਾਰਣ ਸਥਿਤੀ ਵਿੱਚ ਸੁਧਾਰ ਆਇਆ ਹੈ। ਇਹ ਕੋਵਿਡ-19 ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਗੁਣਵਤਾ ਨੂੰ ਦਰਸਾਉਂਦਾ ਹੈ।" ਉਨ੍ਹਾਂ ਕਿਹਾ, "ਇਹ ਵੀ ਉਤਸ਼ਾਹਜਨਕ ਹੈ ਕਿ 10 ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ - ਅੰਡੇਮਾਨ ਅਤੇ ਨਿਕੋਬਾਰ, ਅਰੁਣਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ, ਗੋਆ, ਜੰਮੂ-ਕਸ਼ਮੀਰ, ਲੱਦਾਖ, ਮਣੀਪੁਰ, ਓਡੀਸ਼ਾ, ਮਿਜ਼ੋਰਮ, ਪੁਦੂਚੇਰੀ ਤੋਂ ਪਿਛਲੇ 24 ਘੰਟਿਆਂ ਵਿੱਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ 4 ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ - ਦਮਨ ਅਤੇ ਦੀਵ, ਸਿੱਕਮ, ਨਾਗਾਲੈਂਡ ਅਤੇ ਲਕਸ਼ਦੀਪ ਤੋਂ ਅੱਜ ਤੱਕ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ।"
ਮੰਤਰੀ ਨੇ ਕਿਹਾ ਕਿ ਦੁਨੀਆ ਦੇ 20 ਦੇਸ਼ ਜਿਥੇ ਵੱਧ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਉਨ੍ਹਾਂ ਦੀ ਕੁੱਲ ਆਬਾਦੀ ਭਾਰਤ ਦੀ ਆਬਾਦੀ ਦੇ ਤਕਰੀਬਨ ਬਰਾਬਰ ਯਾਨੀ 135 ਕਰੋੜ ਹੈ ਅਤੇ ਹੁਣ ਤੱਕ ਉਨ੍ਹਾਂ ਸਾਰੇ ਦੇਸ਼ਾਂ ਵਿੱਚ ਕੁੱਲ ਮਿਲਾ ਕੇ ਭਾਰਤ ਤੋਂ ਤਕਰੀਬਨ 84 ਗੁਣਾ ਵਧੇਰੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਮੌਤ ਦਰ ਦੇ ਮਾਮਲੇ ਵਿੱਚ ਵੀ ਇਨ੍ਹਾਂ ਚੋਟੀ ਦੇ 20 ਦੇਸ਼ਾਂ ਵਿੱਚ ਭਾਰਤ ਤੋਂ 200 ਗੁਣਾ ਜ਼ਿਆਦਾ ਮੌਤਾਂ ਹੋਈਆਂ ਹਨ। ਭਾਰਤ ਵਿੱਚ ਇਸ ਬਿਮਾਰੀ ਦਾ ਕੰਟਰੋਲ ਕੇਂਦਰ ਸਰਕਾਰ ਦੁਆਰਾ ਰਾਜਾਂ ਕੇਂਦਰ ਸ਼ਾਸਿਤ ਪ੍ਰੇਦਸ਼ਾਂ ਨਾਲ ਮਿਲਕੇ ਅਪਣਾਏ ਗਏ ਵਧੇਰੇ ਸਰਗਰਮ, ਪੇਸ਼ਗੀ ਅਨੁਮਾਨਤ ਅਤੇ ਲੜੀਵਾਰ ਨਜ਼ਰੀਏ ਕਾਰਣ ਸੰਭਵ ਹੋ ਸਕਿਆ ਹੈ।
ਡਾ. ਹਰਸ਼ ਵਰਧਨ ਦੇ ਮੰਡੋਲੀ ਸੀਸੀਸੀ ਦੌਰੇ ਸਮੇਂ ਡਿਸਟ੍ਰਿਕਟ ਮੈਜਿਸਟ੍ਰੇਟ ਸ਼ਾਹਦਰਾ, ਸ਼੍ਰੀ ਸੰਜੀਵ ਕੁਮਾਰ ਡੀਸੀਪੀ ਸ਼ਾਹਦਰਾ ਦੇ ਨਾਲ-ਨਾਲ ਐੱਸਡੀਐੱਮ ਸੀਮਾਪੁਰੀ, ਸ਼੍ਰੀ ਪੰਕਜ ਭਟਨਾਗਰ, ਜੋ ਮੰਡੋਲੀ ਸੀਸੀਸੀ ਦੇ ਨੋਡਲ ਅਧਿਕਾਰੀ ਵੀ ਹਨ, ਮੌਜੂਦ ਸਨ।
ਕੋਵਿਡ-19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ਬਾਰੇ ਸਭ ਤਰ੍ਹਾਂ ਦੀ ਭਰੋਸੇਯੋਗ ਜਾਣਕਾਰੀ, ਦਿਸ਼ਾ-ਨਿਰਦੇਸ਼ ਅਤੇ ਸਲਾਹਾਂ ਲਈ ਕਿਰਪਾ ਕਰਕੇ ਨਿਯਮਿਤ ਤੌਰ ‘ਤੇ ਦੇਖੋ - https://www.mohfw.gov.in/
ਕੋਵਿਡ-19 ਬਾਰੇ ਤਕਨੀਕੀ ਜਾਣਕਾਰੀਆਂ ਲਈ ਈ-ਮੇਲ ਕਰੋ technicalquery.covid19@gov.in ਜਾਂ ਹੋਰ ਜਾਣਕਾਰੀਆਂ ਲਈ ncov2019@gov.in ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੋਵਿਡ-19 ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਹੈਲਪਲਾਈਨ ਨੰਬਰ : +91-11-23978046 or 1075 (ਟੋਲ ਫ੍ਰੀ) ਉੱਤੇ ਸੰਪਰਕ ਕਰੋ। ਰਾਜਾਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੋਵਿਡ-19 ਬਾਰੇ ਨੰਬਰਾਂ ਦੀ ਲਿਸਟ ਦੇਖੋ - https://www.mohfw.gov.in/pdf/coronvavirushelplinenumber.pdf .