ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਬਣਾਉਣ ਲਈ ਭਾਜਪਾ ਦੇ ਦਾਅਵਾ ਪੇਸ਼ ਕਰਨ ਉੱਤੇ ਗੱਲਬਾਤ ਕਰਨ ਤੋਂ ਪਹਿਲਾਂ ਸੱਤਾ ਵਿੱਚ ਬਰਾਬਰ ਹਿੱਸੇਦਾਰੀ ਦੇ ਫਾਰਮੂਲੇ (50:50) ਨੂੰ ਲਾਗੂ ਕਰਨ ਲਈ ਸ਼ਿਵ ਸੈਨਾ ਮੁਖੀ ਉਦਵ ਠਾਕਰੇ ਨੇ ਆਪਣੇ ਸਹਿਯੋਗੀ ਦਲ ਤੋਂ ਸ਼ਨਿੱਚਰਵਾਰ ਨੂੰ ਲਿਖਿਤ ਵਿੱਚ ਭਰੋਸਾ ਦੇਣ ਨੂੰ ਕਿਹਾ। ਸ਼ਿਵ ਸੈਨਾ ਦੇ ਇੱਕ ਵਿਧਾਇਕ ਨੇ ਇਹ ਜਾਣਕਾਰੀ ਦਿੱਤੀ।
ਸ਼ਿਵ ਸੈਨਾ ਦੇ ਨਵੇਂ ਚੁਣੇ ਗਏ ਵਿਧਾਇਕਾਂ ਨੇ ਮੁੰਬਈ ਵਿੱਚ ਠਾਕਰੇ ਦੀ ਰਿਹਾਇਸ਼ 'ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੰਗ ਕੀਤੀ ਕਿ ਨਵੀਂ ਸਰਕਾਰ ਵਿੱਚ ਆਦਿੱਤਿਆ ਠਾਕਰੇ ਨੂੰ ਮੁੱਖ ਮੰਤਰੀ ਬਣਾਇਆ ਜਾਵੇ।
ਵਿਧਾਇਕ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਠਾਕਰੇ ਨੇ ਇਹ ਵੀ ਕਿਹਾ ਹੈ ਕਿ ਉਸ ਕੋਲ ਹੋਰ ਵਿਕਲਪ ਖੁੱਲ੍ਹੇ ਹਨ। ਪਰ ਉਹ ਉਨ੍ਹਾਂ ਨੂੰ ਲੱਭਣ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ ਕਿਉਂਕਿ ਭਾਜਪਾ ਅਤੇ ਸ਼ਿਵ ਸੈਨਾ ਹਿੰਦੂਤਵ ਦੀ ਵਿਚਾਰਧਾਰਾ ਰੱਖਦੇ ਹਨ।
21 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਿਵ ਸੈਨਾ ਨੇ 56 ਸੀਟਾਂ ਜਿੱਤੀਆਂ ਸਨ, ਇਸ ਤੋਂ ਦੋ ਦਿਨ ਬਾਅਦ ਨਵੇਂ ਚੁਣੇ ਵਿਧਾਇਕਾਂ ਨੇ ਠਾਕਰੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਸ਼ਿਵ ਸੈਨਾ ਮੁਖੀ ਨੂੰ ਨਵੀਂ ਸਰਕਾਰ ਦੇ ਗਠਨ ਬਾਰੇ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ।