ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰਲ-ਫ਼ਰੈਂਡ ਨੂੰ ਖ਼ੁਸ਼ ਕਰਨ ਲਈ ਇਹ ਕੀ ਕਰ ਦਿੱਤਾ ਬੀਟੈੱਕ ਗ੍ਰੈਜੂਏਟ ਨੇ...

ਗਰਲ-ਫ਼ਰੈਂਡ ਨੂੰ ਖ਼ੁਸ਼ ਕਰਨ ਲਈ ਇਹ ਕੀ ਕਰ ਦਿੱਤਾ ਬੀਟੈੱਕ ਗ੍ਰੈਜੂਏਟ ਨੇ...

ਆਪਣੀ ਗਰਲ ਫ਼ਰੈਂਡ ਨੂੰ ‘ਸਰਪ੍ਰਾਈਜ਼ ਗਿਫ਼ਟ` (ਹੈਰਾਨ ਕਰ ਦੇਣ ਵਾਲਾ ਤੋਹਫ਼ਾ) ਦੇਣ ਦੇ ਚੱਕਰ ਵਿੱਚ 22 ਸਾਲਾ ਬੀ.ਟੈੱਕ ਗ੍ਰੈਜੂਏਟ ਵੈਭਵ ਖੁਰਾਨਾ ਉਹ ਕੁਝ ਕਰ ਬੈਠਾ, ਜੋ ਉਸ ਨੂੰ ਕਰਨਾ ਨਹੀਂ ਚਾਹੀਦਾ ਸੀ। ਉਸ ਨੇ ਆਨਲਾਈਨ ਆਰਡਰ ਦੇ ਕੇ ਰਾਡੋ ਕੰਪਨੀ ਦੀ 90 ਹਜ਼ਾਰ ਰੁਪਏ ਮੁੱਲ ਦੀ ਇੱਕ ਗੁੱਟ-ਘੜੀ ਮੰਗਵਾਈ ਸੀ। ਉਸ ਨੇ ਉਹ ਘੜੀ ਡਿਲੀਵਰੀ-ਬੁਆਏ ਨੂੰ ਕਥਿਤ ਤੌਰ `ਤੇ ਧੋਖਾ ਦੇ ਕੇ ਹਾਸਲ ਕਰ ਲਈ।


ਪੁਲਿਸ ਨੇ ਘੜੀ ਦੇ ਨਾਲ-ਨਾਲ ਉਹ ਹੰਕ ਮੋਟਰਸਾਇਕਲ ਵੀ ਬਰਾਮਦ ਕਰ ਲਿਆ ਹੈ, ਜਿਸ ਦੀ ਵਰਤੋਂ ਵੈਭਵ ਨੇ ਇਸ ਅਪਰਾਧ `ਚ ਕੀਤੀ ਸੀ। ਉਹ ਦਰਅਸਲ ਆਪਣੀ ਗਰਲ ਫ਼ਰੈਂਡ ਨੂੰ ਉਸ ਦੇ ਜਨਮ ਦਿਨ `ਤੇ ਇਹ ਹੈਰਾਨਕੁੰਨ ਤੋਹਫ਼ਾ ਦੇਣਾ ਚਾਹੁੰਦਾ ਸੀ।


ਪੁਲਿਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਨੁਪੁਰ ਪ੍ਰਸਾਦ ਨੇ ਦੱਸਿਆ ਕਿ ਦਿੱਲੀ ਦੇ ਮਾਡਲ ਟਾਊਨ ਦਾ ਨਿਵਾਸੀ ਵੈਭਵ ਖੁਰਾਨਾ ਅਸਲ `ਚ ਆਪਣੀ ਗਰਲ ਫ਼ਰੈਂਡ ਨੂੰ ਕੀਮਤੀ ਗੁੱਟ-ਘੜੀ ਦਾ ਤੋਹਫ਼ਾ ਦੇ ਕੇ ਪ੍ਰਭਾਵਿਤ ਕਰਨਾ ਚਾਹੁੰਦਾ ਸੀ। ਪਰ ਉਸ ਕੋਲ ਇੰਨੇ ਪੈਸੇ ਨਹੀਂ ਸਨ। ਫਿਰ ਉਸ ਨੇ ਇੱਕ ਈ-ਕਾਮਰਸ ਵੈੱਬਸਾਈਟ ਰਾਹੀਂ ਘੜੀ ਦਾ ਆਰਡਰ ਦੇ ਕੇ ਯੋਜਨਾ ਉਲੀਕੀ। ਉਸ ਨੇ ਡਿਲੀਵਰੀ-ਬੁਆਏ ਨੂੰ ਧੋਖਾ ਦਿੱਤਾ ਤੇ ਉੱਥੋਂ ਤਿੱਤਰ ਹੋ ਗਿਆ।


ਡੀਸੀਪੀ ਅਨੁਸਾਰ ਬੀਤੀ 23 ਜੁਲਾਈ ਨੂੰ ਵੈਭਵ ਖੁਰਾਨਾ ਨੇ ਰਾਡੋ ਘੜੀ ਆਰਡਰ ਕੀਤੀ ਸੀ। ਵੈੱਬਸਾਈਟ `ਤੇ 90,000 ਰੁਪਏ ਦੀ ਇਹ ਘੜੀ 67,000 ਰੁਪਏ ਵਿੱਚ ਮਿਲ ਰਹੀ ਸੀ। ਉਸ ਨੇ ਇਸ ਲਈ ਆਰਡਰ ਕਰਦੇ ਸਮੇਂ ਸਿਵਲ ਲਾਈਨਜ਼ ਦਾ ਐਂਵੇਂ ਕੋਈ ਜਾਅਲੀ ਪਤਾ ਭਰ ਦਿੱਤਾ ਸੀ।


ਜਦੋਂ ਡਿਲੀਵਰੀ ਬੁਆਏ ਕਾਲੀਪਦ ਸਾਹੂ ਨੇ ਮੋਬਾਇਲ ਫ਼ੋਨ ਰਾਹੀਂ ਵੈਭਵ ਖੁਰਾਨਾ ਨਾਲ ਸੰਪਰਕ ਕੀਤਾ, ਤਾਂ ਉਸ ਨੇ ਉਸੇ ਪਤੇ ਦੀ ਪੁਸ਼ਟੀ ਕਰਵਾਈ, ਜਿਹੜਾ ਉਸ ਨੇ ਆਰਡਰ ਦਿੰਦੇ ਸਮੇਂ ਵੈੱਬਸਾਈਟ `ਤੇ ਲਿਖਵਾਇਆ ਸੀ ਪਰ ਉਸ ਨੇ ਨਾਲ ਹੀ ਇਹ ਵੀ ਆਖ ਦਿੱਤਾ ਕਿ ਉਹ ਘਰ `ਚ ਨਹੀਂ ਹੈ ਤੇ ਉਹ ਉਸ ਨੂੰ ਕਿਤੇ ਹੋਰ ਮਿਲ ਸਕਦਾ ਹੈ।


ਵੈਭਵ ਖੁਰਾਨਾ ਤਦ ਸਾਹੂ ਨੂੰ ਕਸ਼ਮੀਰੀ ਗੇਟ ਮੈਟਰੋ ਸਟੇਸ਼ਨ ਦੇ ਬਾਹਰ ਮਿਲਿਆ। ਖੁਰਾਨਾ ਫਿਰ ਸਾਹੂ ਨੂੰ ਆਪਣੇ ਮੋਟਰਸਾਇਕਲ `ਤੇ ਸਿਵਲ ਲਾਈਨਜ਼ ਲੈ ਗਿਆ ਤੇ ਕਿਹਾ ਕਿ ਉਹ ਉਸ ਦਾ ਆਰਡਰ ਉੱਥੇ ਹੀ ਲਵੇਗਾ ਤੇ ਘਰੋਂ ਪੈਸੇ ਵੀ ਦੇ ਦੇਵੇਗਾ।


ਵੈਭਵ ਖੁਰਾਨਾ ਨੇ ਸਿਵਲ ਲਾਈਨਜ਼ ਦੀ ਰਾਜਪੁਰ ਰੋਡ `ਤੇ ਇੱਕ ਘਰ ਬਾਹਰ ਸਾਹੂ ਨੂੰ ਖੜ੍ਹਾ ਕਰ ਦਿੱਤਾ, ਜੋ ਉਸ ਦਾ ਘਰ ਨਹੀਂ ਸੀ। ਉਸ ਨੇ ਸਾਹੂ ਨੂੰ ਦਰਵਾਜ਼ੇ ਦੀ ਘੰਟੀ ਵਜਾਉਣ ਲਈ ਕਿਹਾ। ਡਿਲੀਵਰੀ ਬਾਕਸ ਵਾਲਾ ਬੈਗ ਸਾਹੂ ਤਦ ਉਸ ਦੇ ਮੋਟਰਸਾਇਕਲ `ਤੇ ਹੀ ਛੱਡ ਗਿਆ। ਵੈਭਵ ਤਦ ਆਪਣਾ ਮੋਟਰਸਾਇਕਲ ਪਾਰਕ ਕਰਨ ਦੇ ਪੱਜ ਉੱਥੋਂ ਤਿੱਤਰ ਹੋ ਗਿਆ। ਸਾਹੂ ਨੇ ਸਿਵਲ ਲਾਈਨਜ਼ ਪੁਲਿਸ ਥਾਣੇ `ਚ ਸਿ਼ਕਾਇਤ ਦਰਜ ਕਰਵਾਈ।


ਜਾਂਚ ਦੌਰਾਨ ਪਾਇਆ ਗਿਆ ਕਿ ਜਿਹੜਾ ਮੋਬਾਇਲ ਨੰਬਰ ਵੈਭਵ ਖੁਰਾਨਾ ਨੇ ਵੈੱਬਸਾਈਟ `ਤੇ ਦਰਜ ਕਰਵਾਇਆ ਸੀ, ਉਹ ਤਾਂ ਦਿੱਲੀ ਦੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਦੇ ਕਿਸੇ ਵੀਰੇਂਦਰ ਨਾਥ ਸ਼ੁਕਲ ਦਾ ਸੀ। ਜਦੋਂ ਉਸ ਤੋਂ ਪੁੱਛਿਆ ਗਿਆ, ਤਾਂ ਉਸ ਨੇ ਦੱਸਿਆ ਕਿ ਹੁਣ ਉਹ ਉਸ ਮੋਬਾਇਲ ਨੰਬਰ ਨੂੰ ਨਹੀਂ ਵਰਤ ਰਿਹਾ। ਜਦੋਂ ਇਸ ਬਾਰੇ ਪਤਾ ਕੀਤਾ ਗਿਆ, ਤਾਂ ਉਸ ਦੀ ਗੱਲ ਠੀਕ ਨਿੱਕਲੀ।


ਫਿਰ ਉਸ ਮੋਬਾਇਲ ਨੰਬਰ ਦੇ ਕਾਲ ਵੇਰਵੇ ਲਏ ਗਏ। ਉਸ ਫ਼ੋਨ ਤੋਂ ਜਿਹੜੇ ਨੰਬਰਾਂ `ਤੇ ਵੱਧ ਕਾਲਾਂ ਕੀਤੀਆਂ ਹੋਈਆਂ ਸਨ, ਉਲ੍ਹਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ `ਚੋਂ ਇੱਕ ਨੰਬਰ ਮਾਡਲ ਟਾਊਨ ਦੀ ਇੱਕ ਕੁੜੀ ਦਾ ਸੀ। ਜਦੋਂ ਉਸ ਨਾਲ ਸੰਪਰਕ ਕੀਤਾ ਗਿਆ, ਤਾਂ ਉਸ ਨੇ ਦੱਸਿਆ ਕਿ ਉਹ ਨੰਬਰ ਤਾਂ ਉਸ ਦੇ ਬੁਆਏ ਫ਼ਰੈਂਡ ਵੈਭਵ ਖੁਰਾਨਾ ਦਾ ਹੈ। ਫਿਰ ਖੁਰਾਨਾ ਦੇ ਘਰ `ਤੇ ਛਾਪਾ ਮਾਰਿਆ ਗਿਆ; ਜਿੱਥੋਂ ਰਾਡੋ ਘੜੀ ਤੇ ਮੋਟਰਸਾਇਕਲ ਦੋਵੇਂ ਹੀ ਬਰਾਮਦ ਹੋਗਏ।


ਵੈਭਵ ਖੁਰਾਨਾ ਨੇ ਇੰਦਰਪ੍ਰਸਥ ਯੂਨੀਵਰਸਿਟੀ ਤੋਂ ਆਪਣਾ ਬੀ-ਟੈੱਕ ਕੋਰਸ ਪਾਸ ਕੀਤਾ ਸੀ ਤੇ ਇਸ ਵੇਲੇ ਉਹ ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਸੁਪਰਵਾਈਜ਼ਰ ਵਜੋਂ ਤਾਇਨਾਤ ਸੀ। ਉਸ ਦਾ ਪਿਤਾ ਇੱਕ ਪ੍ਰਾਪਰਟੀ ਡੀਲਰ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What did BTech Graduate do to make girlfriend happy