ਭਾਰਤ ਦੀ ਰਾਜਧਾਨੀ ਦਿੱਲੀ ’ਚ ਕਿਸ ਦੀ ਸਰਕਾਰ ਬਣੇਗੀ, ਇਹ ਦਿੱਲੀ ਵਿਧਾਨ ਸਭਾ ਦੇ ਚੋਣ–ਨਤੀਜਿਆਂ ਤੋਂ ਅੱਜ ਸਪੱਸ਼ਟ ਹੋ ਜਾਵੇਗਾ। 70 ਸੀਟਾਂ ਵਾਲੀ 7ਵੀਂ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਤੋਂ ਤਸਵੀਰ ਸਾਫ਼ ਹੁੰਦੀ ਚਲੀ ਜਾਵੇਗੀ ਕਿ ਦਿੱਲੀ ’ਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ।
ਵੋਟਾਂ ਦੀ ਗਿਣਤੀ ਕਾਰਨ ਹੀ ਗਿਣਤੀ–ਕੇਂਦਰਾਂ ਉੱਤੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਦਿੱਲੀ ਦੇ 11 ਜ਼ਿਲ੍ਹਿਆਂ ਲਈ ਕੁੱਲ 21 ਗਿਣਤੀ ਕੇਂਦਰ ਬਣਾਏ ਗਏ ਹਨ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 33 ਨਿਗਰਾਨ ਨਿਯੁਕਤ ਕੀਤੇ ਗਏ ਹਨ।
ਵੋਟਾਂ ਦੀ ਗਿਣਤੀ ਲਈ 2,600 ਮੁਲਾਜ਼ਮ ਤੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ। ਹਰੇਕ ਗਿਣਤੀ–ਕੇਂਦਰ ਉੱਤੇ ਘੱਟੋ–ਘੱਟ 500 ਸੁਰੱਖਿਆ ਮੁਲਾਜ਼ਮ ਜ਼ਰੂਰ ਤਾਇਨਾਤ ਰਹਿਣਗੇ।
ਬੀਤੇ ਸਨਿੱਚਰਵਾਰ, 8 ਫ਼ਰਵਰੀ ਨੂੰ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਸੇ ਦਿਨ ਸ਼ਾਮੀਂ ਆਏ ਐਗਜ਼ਿਟ–ਪੋਲ ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਬਹੁਮੱਤ ਨਾਲ ਸਰਕਾਰ ਬਣਾਉਂਦੀ ਦਿਸ ਰਹੀ ਸੀ। ਉਂਝ ਭਾਜਪਾ ਨੇ ਵੀ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ।
ਐਗਜ਼ਿਟ–ਪੋਲ ਦੇ ਨਤੀਜੇ ਵੇਖ ਕੇ ਕਾਫ਼ੀ ਉਤਸ਼ਾਹਿਤ ਹੋਈ ਆਮ ਆਦਮੀ ਪਾਰਟੀ ਪਿਛਲੀ ਚੋਣਾਂ ਦੌਰਾਨ ਵਿਖਾਈ ਆਪਣੀ ਸ਼ਾਨਦਾਰ ਕਾਰਗੁਜ਼ਾਰੀ ਦੁਹਰਾਉਣਾ ਚਾਹੇਗੀ। ਉੱਧਰ ਭਾਜਪਾ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਬਾਅਦ ਸੱਤਾ ’ਚ ਵਾਪਸੀ ਦਾ ਰਾਹ ਵੇਖ ਰਹੀ ਹੈ।
ਕਾਂਗਰਸ ਵੀ ਵਾਪਸੀ ਦੀ ਕੋਸ਼ਿਸ਼ ਵਿੱਚ ਹੈ। ਆਖ਼ਰ ਉਸ ਦੇ ਮੁੱਖ ਮੰਤਰੀ (ਸਾਬਕਾ) ਸ਼ੀਲਾ ਦੀਕਸ਼ਿਤ ਨੇ ਦਿੱਲੀ ਉੱਤੇ 1998 ਤੋਂ ਲੈ ਕੇ 2013 ਤੱਕ ਲਗਾਤਾਰ 15 ਵਰ੍ਹੇ ਰਾਜ ਕੀਤਾ ਸੀ।
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ 70 ਵਿੱਚੋਂ 67 ਸੀਟਾਂ ਮਿਲੀਆਂ ਸਨ। ਤਿੰਨ ਸੀਟਾਂ ’ਤੇ ਭਾਜਪਾ ਨੇ ਜਿੱਤ ਦਰਜ ਕੀਤੀ ਸੀ। ਕਾਂਗਰਸ ਨੂੰ ਇੱਕ ਵੀ ਸੀਟ ਹਾਸਲ ਨਹੀਂ ਹੋਈ ਸੀ।