ਬੀਤੀ 8 ਫ਼ਰਵਰੀ ਸਨਿੱਚਰਵਾਰ ਨੂੰ ਦਿੱਲੀ ਦੀ 7ਵੀਂ ਵਿਧਾਨ ਸਭਾ ਦੀ ਚੋਣ ਲਈ ਵੋਟਾਂ ਪਈਆਂ ਸਨ। ਉਨ੍ਹਾਂ ਹੀ ਵੋਟਾਂ ਦੀ ਗਿਣਤੀ ਅੱਜ ਕੀਤੀ ਜਾ ਰਹੀ ਹੈ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਇਸੇ ਲਈ ਅੱਜ ਵੋਟਾਂ ਦੀ ਗਿਣਤੀ ਕਰਨ ਵਾਲੇ ਕੇਂਦਰਾਂ ਉੱਤੇ ਅਤੇ ਸਮੁੱਚੇ ਦਿੱਲੀ ਰਾਜਧਾਨੀ ਖੇਤਰ ਵਿੱਚ ਹੀ ਬਹੁਤ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।
ਮੁੱਖ ਤੌਰ 'ਤੇ ਭਾਜਪਾ, ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ 'ਚ ਹਨ। ਉਂਝ ਕੁਝ ਆਜ਼ਾਦ ਤੇ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਦਿੱਲੀ ਚੋਣਾਂ 'ਚ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੇ ਹਨ।
ਦਿੱਲੀ ’ਚ ਕੁੱਲ 21 ਥਾਵਾਂ ’ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 33 ਨਿਗਰਾਨ ਨਿਯੁਕਤ ਕੀਤੇ ਗਏ ਹਨ ਤੇ 2,600 ਕਰਮਚਾਰੀ ਇਸ ਗਿਣਤੀ ਵਿੱਚ ਸ਼ਾਮਲ ਹੋਣਗੇ।
ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਹਰੇਕ ਕੇਂਦਰ ’ਤੇ ਵੋਟਾਂ ਦੀ ਗਿਣਤੀ ਹੋਣ ਤੱਕ ਘੱਟੋ–ਘੱਟ 500 ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਰਹੇਗੀ।
ਦਿੱਲੀ ’ਚ ਨਵੀਂ ਵਿਧਾਨ ਸਭਾ ਦੀ ਚੋਣ ਲਈ 62.59 ਫ਼ੀ ਸਦੀ ਲੋਕਾਂ ਨੇ ਵੋਟ ਪਾਉਣ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਇਹ ਸਾਲ 2015 ਦੇ ਅੰਕੜੇ ਤੋਂ ਪੰਜ ਫ਼ੀ ਸਦੀ ਘੱਟ ਹੈ। ਇਸ ਵਾਰ ਦੀ ਚੋਣ ’ਚ ਵੋਟਰਾਂ ਦੀ ਕੁੱਲ ਗਿਣਤੀ 1.47 ਕਰੋੜ ਸੀ; ਜਿਨ੍ਹਾਂ ਵਿੱਚੋਂ 66.8 ਲੱਖ ਔਰਤਾਂ ਤੇ 81.05 ਲੱਖ ਮਰਦ ਵੋਟਰ ਸਨ। ਇਸ ਤੋਂ ਇਲਾਵਾ 869 ਥਰਡ–ਜੈਂਡਰ ਵੋਟਰ ਵੀ ਸਨ।
ਦਿੱਲੀ ਦੀਆਂ ਸਾਰੀਆਂ 70 ਸੀਟਾਂ ਉੱਤੇ ਕੁੱਲ 672 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ ਸਨ; ਜਿਨ੍ਹਾਂ ਵਿੱਚੋਂ 593 ਮਰਦ ਤੇ 79 ਮਹਿਲਾ ਉਮੀਦਵਾਰ ਸਨ। ਇਨ੍ਹਾਂ 70 ਸੀਟਾਂ ਵਿੱਚੋਂ 12 ਸੀਟਾਂ ਅਨੁਸੂਚਿਤ ਜਾਤਾਂ (SC) ਲਈ ਰਾਖਵੀਂਆਂ ਸਨ।
ਅੱਜ ਸਭ ਤੋਂ ਸਭ ਤੋਂ ਪਹਿਲਾਂ ਡਾਕ ਰਾਹੀਂ ਮਿਲੀਆਂ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਗਈ। ਉਸ ਤੋਂ ਬਾਅਦ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (EVMs) ਦੀਆਂ ਵੋਟਾਂ ਦੀ ਗਿਣਤੀ ਕੀਤੀ ਗਈ। ਖ਼ਾਸ ਮੁੱਖ ਚੋਣ ਅਧਿਕਾਰੀ ਸਤਨਾਮ ਸਿੰਘ ਨੇ ਕਿਹਾ ਕਿ EVMs ਬਿਲਕੁਲ ਸੁਰੱਖਿਅਤ ਹਨ। ਹਰ ਚੀਜ਼ ਲਈ ਪ੍ਰੋਟੋਕੋਲ ਨਿਰਧਾਰਤ ਹੈ। ਹਰ ਪੱਧਰ ਉੱਤੇ ਉਮੀਦਵਾਰ ਤੇ ਪਾਰਟੀਆਂ ਇਸ ਵਿੱਚ ਸ਼ਾਮਲ ਹਨ; ਤਾਂ ਜੋ ਸਭ ਕੁਝ ਪਾਰਦਰਸ਼ੀ ਰਹੇ।