750 ਕਿਲੋਮੀਟਰ ਲੰਮੀ ਬਠਿੰਡਾ-ਜੰਮੂ-ਸ੍ਰੀਨਗਰ ਗੈਸ ਪਾਈਪਲਾਈਨ ਦਾ ਕੰਮ ਸੱਤ ਵਰ੍ਹਿਆਂ ਬਾਅਦ ਹਾਲੇ ਤੱਕ ਵੀ ਸ਼ੁਰੂ ਨਹੀਂ ਹੋ ਸਕਿਆ। ਦਰਅਸਲ, ਫ਼ੰਡਾਂ ਦੀ ਘਾਟ ਨੇ ਇਸ ਵੱਕਾਰੀ ਪਾਈਪਲਾਈਨ ਦੀ ਵਿਛਾਈ ਦੇ ਕੰਮ ਨੂੰ ਰੋਕਿਆ ਹੋਇਆ ਹੈ।
ਇਸ ਨਾਲ ਜਿੱਥੇ ਪੰਜਾਬ ਦੇ ਨਾਗਰਿਕਾਂ ਦੀ ਗੈਸ ਦੀ ਮੰਗ ਪੂਰੀ ਕੀਤੇ ਜਾਣ ਦਾ ਪ੍ਰਸਤਾਵ ਹੈ, ਉੱਥੇ ਇਸ ਰਾਹੀਂ ਜੰਮੂ-ਕਸ਼ਮੀਰ ਸੂਬੇ `ਚ ਵੀ 24 ਘੰਟੇ ਗੈਸ ਦੀ ਸਪਲਾਈ ਮਿਲਣੀ ਹੈ - ਬਸ਼ਰਤੇ ਜੇ ਇਸ ਪਾਈਪਲਾਈਨ ਨੂੰ ਵਿਛਾਉਣ ਦਾ ਕੰਮ ਸਹੀ ਤਰੀਕੇ ਨਾਲ ਮੁਕੰਮਲ ਹੋ ਜਾਵੇ।
ਖ਼ਾਸ ਤੌਰ `ਤੇ ਸਰਦੀਆਂ ਦੇ ਮੌਸਮ ਦੌਰਾਨ ਜੰਮੂ-ਕਸ਼ਮੀਰ ਵਿੱਚ ਗੈਸ ਦੀ ਸਪਲਾਈ `ਚ ਬਹੁਤ ਵਾਰ ਵਿਘਨ ਪੈ ਜਾਂਦਾ ਹੈ। ਅਜਿਹੇ ਮੌਸਮ `ਚ ਗੈਸ ਦੀ ਸਪਲਾਈ ਲਗਾਤਾਰ ਚਾਲੂ ਰਹਿ ਸਕਦੀ ਹੈ।
855 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਇਸ ਪਾਈਪਲਾਈਨ ਦਾ ਕੰਮ ਜੀਐੱਸਪੀਐੱਲ ਇੰਡੀਆ ਗੈਸਨੈੱਟ ਲਿਮਿਟੇਡ (ਜੀਆਈਜੀਐੱਲ) ਨੂੰ ਸੌਂਪਿਆ ਗਿਆ ਸੀ; ਜੋ ਦਰਅਸਲ ਜੀਐੱਸਪੀਐੱਲ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਨੂੰ ਮਿਲਾ ਕੇ ਬਣਾਇਆ ਗਿਆ ਸਮੂਹ ਹੈ।
ਇਸ ਸਮੂਹ ਨੂੰ ਅਧਿਕਾਰ ਦੇਣ ਤੋਂ ਬਾਅਦ ਪਾਈਪਲਾਈਨ ਦੀ ਵਿਛਾਈ ਦਾ ਕੰਮ ਸ਼ੁਰੂ ਕਰਨ ਲਈ 36 ਮਹੀਨੇ ਦਿੱਤੇ ਗਏ ਸਨ ਪਰ ਹਾਲੇ ਤੱਕ ਕੁਝ ਵੀ ਸ਼ੁਰੂ ਨਹੀਂ ਹੋ ਸਕਿਆ। ਇਹ ਪਾਈਪਲਾਈਨ ਨੌਂ ਪ੍ਰਮੁੱਖ ਰੇਲ ਪਟੜੀਆਂ, 10 ਕੌਮੀ ਰਾਜ-ਮਾਰਗਾਂ, 130 ਦਰਿਆਵਾਂ ਤੇ ਨਹਿਰਾਂ ਦੇ ਹੇਠੋਂ ਦੀ ਕੱਢੀ ਜਾਣੀ ਹੈ।
ਜੀਆਈਜੀਐੱਲ ਦੇ ਚੇਅਰਮੈਨ ਡਾ. ਜੇਐੱਨ ਸਿੰਘ (ਜੋ ਗੁਜਰਾਤ ਦੇ ਮੁੱਖ ਸਕੱਤਰ ਵੀ ਹਨ) ਨੇ ਦੱਸਿਆ ਕਿ ਇਸ ਪਾਈਪਲਾਈਨ `ਤੇ ਕੰਮ ਹਾਲੇ ਸ਼ੁਰੂ ਨਹੀਂ ਹੋਇਆ।
ਇਹ ਦਰਅਸਲ ਮਹਿਸਾਨਾ-ਬਠਿੰਡਾ-ਜੰਮੂ-ਸ੍ਰੀਨਗਰ ਗੈਸ ਪਾਈਪਲਾਈਨ ਹੈ। ਮਹਿਸਾਨਾ ਗੁਜਰਾਤ `ਚ ਸਥਿਤ ਹੈ ਤੇ ਉੱਥੋਂ ਬਠਿੰਡਾ ਤੱਕ ਦੀ ਦੂਰੀ 1,650 ਕਿਲੋਮੀਟਰ ਹੈ। ਹਾਲੇ ਮਹਿਸਾਨਾ ਤੋਂ ਬਠਿੰਡਾ ਪਾਈਪਲਾਈਨ `ਤੇ ਕੰਮ ਚੱਲ ਰਿਹਾ ਹੈ। ਇਸ ਪਾਈਪਲਾਈਨ ਦਾ ਕੰਮ ਰਾਜਸਥਾਨ ਦੇ ਬਾਲੀ ਤੱਕ ਪੁੱਜ ਚੁੱਕਾ ਹੈ। ਇਸ ਪ੍ਰਾਜੈਕਟ ਨੂੰ ਮੁਕੰਮਲ ਹੋਣ ਵਿੱਚ ਹਾਲੇ ਕੁਝ ਸਮਾਂ ਲੱਗੇਗਾ।