ਇਹ ਇੱਕ ਸੱਚਾਈ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਹਰ ਖ਼ਾਸ ਵੱਡੇ ਮੌਕਿਆਂ ’ਤੇ ਜਾਂ ਤਾਂ ਵਿਦੇਸ਼ ਚਲੇ ਜਾਂਦੇ ਹਨ ਜਾਂ ਫਿਰ ਅਲੋਪ ਹੋ ਜਾਂਦੇ ਹਨ। ਨਾਗਰਿਕਤਾ ਸੋਧ ਕਾਨੂੰਨ (CAA) ਜਿਹੇ ਮੁੱਦੇ ’ਤੇ ਵੀ ਉਨ੍ਹਾਂ ਇੰਝ ਹੀ ਕੀਤਾ ਹੈ। ਦਿੱਲੀ ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ CAA ਦਾ ਵਿਰੋਧ ਜਾਰੀ ਹੈ। ਪਰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਸ ਮੁੱਦੇ ਤੋਂ ਵੀ ਦੂਰ ਹਨ ਕਿਉਂਕਿ ਉਹ ਦੱਖਣੀ ਕੋਰੀਆ ਗਏ ਹੋਏ ਹਨ।
ਰਾਹੁਲ ਗਾਂਧੀ ਦੀ ਗ਼ੈਰ–ਮੌਜੂਦਗੀ ਵਿੱਚ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਕਥਿਤ ਪੁਲਿਸ ਕਾਰਵਾਈ ਵਿਰੁੱਧ ਉਨ੍ਹਾਂ ਦੀ ਭੈਣ ਤੇ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਇੰਡੀਆ ਗੇਟ ਉੱਤੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ।
ਕਾਂਗਰਸੀ ਸੂਤਰਾਂ ਨੇ IANS ਨੂੰ ਦੱਸਿਆ ਕਿ ਰਾਹੁਲ ਅਧਿਕਾਰਤ ਦੌਰੇ ’ਤੇ ਦੱਖਣੀ ਕੋਰੀਆ ਗਏ ਹਨ। ਉਹ ਕੱਲ੍ਹ ਸੋਮਵਾਰ ਸਵੇਰੇ ਦੱਖਣੀ ਕੋਰੀਆ ਲਈ ਰਵਾਨਾ ਹੋਏ ਹਨ। ਸੂਤਰਾਂ ਨੇ ਉਨ੍ਹਾਂ ਦੀ ਵਾਪਸੀ ਦਾ ਸਮਾਂ ਨਹੀਂ ਦੱਸਿਆ।
ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਆਪਣੇ ਭਰਾ ਦੀ ਗ਼ੈਰ–ਮੌਜੂਦਗੀ ’ਚ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇੰਡੀਆ ਗੇਟ ਸਾਹਮਣੇ ਹੋਏ ਇਸ ਵਿਰੋਧ ਪ੍ਰਦਰਸ਼ਨ ਵਿੱਚ ਉਨ੍ਹਾਂ ਨਾਲ ਅਹਿਮਦ ਪਟੇਲ, ਕੇ.ਸੀ. ਵੇਣੂਗੋਪਾਲ, ਗ਼ੁਲਾਮ ਨਬੀ ਆਜ਼ਾਦ, ਅੰਬਿਕਾ ਸੋਨੀ ਜਿਹੇ ਕਈ ਸੀਨੀਅਰ ਪਾਰਟੀ ਆਗੂ ਵੀ ਮੌਜੂਦ ਰਹੇ।
ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਲਗਭਗ ਦੋ ਘੰਟਿਆਂ ਤੱਕ ਧਰਨੇ ਦੇ ਬਾਵਜੂਦ ਕਈ ਪਾਰਟੀ ਕਾਰਕੁੰਨਾਂ ਨੇ ਰਾਹੁਲ ਗਾਂਧੀ ਦੇ ਸਾਬਕਾ ਸਹਿਯੋਗੀ ਪੰਕਜ ਸ਼ੰਕਰ ਨੇ ਟਵਿਟਰ ’ਤੇ ਲਿਖਿਆ ਹੈ – ਆਸ ਹੈ ਕਿ ਉਹ ਵਿਦੇਸ਼ ’ਚ ਨਹੀਂ ਹਨ। ਇੱਕ ਹੋਰ ਟਵੀਟ ਰਾਹੀਂ ਉਨ੍ਹਾਂ ਪੁੱਛਿਆ – ‘ਰਾਹੁਲ ਗਾਂਧੀ ਕਿੱਥੇ ਹਨ?’
ਇਸ ਤੋਂ ਪਹਿਲਾਂ ਵੀ ਕਈ ਮੌਕਿਆਂ ’ਤੇ ਜਦੋਂ ਭਾਰਤ ਵਿੱਚ ਅਹਿਮ ਘਟਨਾਕ੍ਰਮ ਸਾਹਮਣੇ ਆਏ, ਤਾਂ ਰਾਹੁਲ ਗਾਂਧੀ ਗ਼ਾਇਬ ਹੀ ਰਹੇ ਹਨ; ਜਿਸ ਤੋਂ ਬਾਅਦ ਉਨ੍ਹਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕੁਝ ਮੌਕਿਆਂ ਉੱਤੇ ਬਾਅਦ ’ਚ ਇਹ ਸਾਹਮਣੇ ਆਇਆ ਕਿ ਉਹ ਅਹਿਮ ਮੁੱਦਿਆਂ ਵੇਲੇ ਵਿਦੇਸ਼ ਗਏ ਹੋਏ ਸਨ।\