ਜੰਮੂ-ਕਸ਼ਮੀਰ ਦੇ ਰਾਮਬਨ ਜਿ਼ਲ੍ਹੇ ਚ ਸ਼ਹੀਦ ਲਾਂਸ ਨਾਇਕ ਰਣਜੀਤ ਸਿੰਘ ਦੀ ਦੇਹ ਦਾ ਅੰਤਮ ਸਸਕਾਰ ਕਰਨ ਲਈ ਉਨ੍ਹਾਂ ਦੇ ਜੱਦੀ ਪਿੰਡ ਲੈ ਜਾਇਆ ਗਿਆ। ਮੰਗਲਵਾਲ ਨੂੰ ਜੱਦੀ ਪਿੰਡ ਚ ਸ਼ਹੀਦ ਦੇ ਅੰਤਮ ਸਸਕਾਰ ਤੋਂ ਕੁੱਝ ਘੰਟੇ ਪਹਿਲਾਂ ਉਨ੍ਹਾਂ ਦੀ ਪਤਨੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਇਹ ਇਸ ਜੋੜੇ ਦੀ ਪਹਿਲੀ ਔਲਾਦ ਹੈ ਜੋ ਲਗਭਗ 10 ਸਾਲਾਂ ਦੇ ਇੰਤਜ਼ਾਰ ਮਗਰੋਂ ਹੋਈ।
ਤਿਰੰਗੇ ਚ ਲਿਪਟੇ 36 ਸਾਲਾ ਰਣਜੀਤ ਸਿੰਘ ਦੀ ਦੇਹ ਅਖਨੂਰ ਗੈਰੀਸਨ ਚ ਸ਼ਰਧਾਂਜਲੀ ਮਗਰੋਂ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਸੁਲੀਗਾਮ ਲਿਜਾਇਆ ਗਿਆ ਪਰ ਦੇਰ ਹੋਣ ਕਾਰਨ ਪਰਿਵਾਰ ਨੇ ਮੰਗਲਵਾਰ ਸਵੇਰ ਅੰਤਮ ਸਸਕਾਰ ਕਰਨ ਦਾ ਫੈਸਲਾ ਕੀਤਾ।
ਅਧਿਕਾਰੀਆਂ ਮੁਤਾਬਕ ਉਸੇ ਦਿਨ ਅੱਧੀ ਰਾਤ ਨੂੰ ਸ਼ਹੀਦ ਦੀ ਪਤਨੀ ਸੀਮੂ ਦੇਵੀ ਨੂੰ ਦਰਦ ਹੋਣ ਲੱਗੀ ਤੇ ਉਸਨੂੰ ਤੁਰੰਤ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਉਸਨੇ ਸਵੇਰ ਦੇ ਲਗਭਗ 5 ਵਜੇ ਇੱਕ ਬੱਚੀ ਨੂੰ ਜਨਮ ਦਿੱਤਾ। ਮਾਂ ਨੂੰ ਬੱਚੀ ਸਮੇਤ ਪਤੀ ਦੇ ਆਖਰੀ ਦਰਸ਼ਨਾਂ ਲਈ ਸ਼ਮਸ਼ਾਨ ਘਾਟ ਲਿਜਾਇਆ ਗਿਆ। ਬਾਅਦ ਚ ਪੂਰੇ ਸਨਮਾਨਾਂ ਨਾਲ ਸ਼ਹੀਦ ਦਾ ਅੰਤਮ ਸਸਕਾਰ ਕੀਤਾ ਗਿਆ।
ਪਰਿਵਾਰ ਦੇ ਜਾਣਕਾਰ ਨੇ ਦੱਸਿਆ ਕਿ ਇਸ ਫ਼ੌਜੀ ਨੇ ਆਪਣੀ ਪਹਿਲੀ ਔਲਾਦ ਦੇ ਜਨਮ ਲਈ ਦਸ ਸਾਲ ਇੰਤਜ਼ਾਰ ਕੀਤਾ ਪਰ ਸ਼ਾਇਦ ਬੱਚੀ ਨੂੰ ਦੇਖਣਾ ਉਨ੍ਹਾਂ ਦੀ ਕਿਸਮਤ ਚ ਨਹੀਂ ਸੀ। ਜਾਣਕਾਰ ਮੁਤਾਬਕ ਸ਼ਹੀਦ ਰਣਜੀਤ ਸਿੰਘ ਸਾਲ 2003 ਚ ਫ਼ੌਜ ਚ ਸ਼ਾਮਲ ਹੋਏ ਸਨ ਤੇ ਉਹ ਇਸ ਮੌਕੇ ਤੇ ਆਪਣੀ ਪਤਨੀ ਨਾਲ ਰਹਿਣ ਬਾਰੇ ਵਿਚਾਰ ਵੀ ਕਰ ਰਹੇ ਸਨ। ਪੂਰਾ ਪਿੰਡ ਸ਼ਹੀਦ ਦੇ ਦੁੱਖ ਚ ਡੁੱਬਿਆ ਪਿਆ ਹੈ ਪਰ ਨਵਜੰਮੇ ਦੀ ਆਮਦ ਨਾਲ ਪਰਿਵਾਰ ਨੂੰ ਸ਼ਾਇਦ ਇਸ ਦੁੱਖ ਦੀ ਘੜੀ ਚ ਕੁੱਝ ਮਦਦ ਮਿਲਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਲਾਂਸ ਨਾਇਕ ਰਣਜੀਤ ਸਿੰਘ ਜੰਮੂ-ਕਸ਼ਮੀਰ ਲਾਈਟ ਇੰਨਫੈਂਟਰੀ ਦੇ ਉਨ੍ਹਾਂ ਤਿੰਨ ਜਵਾਨਾਂ ਚੋਂ ਇੱਕ ਹਨ ਜੋ ਐਤਵਾਰ ਨੂੰ ਰਾਜੋ਼ਰੀ ਜਿ਼ਲ੍ਹੇ ਦੇ ਸੁੰਦਰਬਨੀ ਸੈਕਟਰ ਚ ਕੰਟਰੋਲ ਰੇਖਾ ਤੇ ਪਾਕਿਸਤਾਨੀ ਘੁਸਪੈਠੀਆਂ ਨਾਲ ਮੁਠਭੇੜ ਦੌਰਾਨ ਸ਼ਹੀਦ ਹੋ ਗਏ ਸਨ। ਇਸ ਦੌਰਾਨ ਦੋ ਅੱਤਵਾਦੀ ਮਾਰੇ ਗਏ ਸਨ।