16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ’ਚ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਵਾਪਰੇ ਸਮੂਹਕ ਬਲਾਤਕਾਰ ਤੇ ਕਤਲ ਕਾਂਡ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ) ਦੇ ਚੌਥੇ ਦੋਸ਼ੀ ਪਵਨ ਕੁਮਾਰ ਗੁਪਤਾ ਨੇ ਕੱਲ੍ਹ ਸੁਪਰੀਮ ਕੋਰਟ ’ਚ ਇੱਕ ਕਿਊਰੇਟਿਵ ਪਟੀਸ਼ਨ ਦਾਇਰ ਕੀਤੀ ਹੈ। ਤਿੰਨ ਮਾਰਚ ਨੂੰ ਫਾਂਸੀ ਤੋਂ ਪਹਿਲਾਂ ਪਵਨ ਗੁਪਤਾ ਨੇ ਅਦਾਲਤ ਨੂੰ ਆਪਣੀ ਮੌਤ ਦੀ ਸਜ਼ਾ ਨੂੰ ਉਮਰ–ਕੈਦ ਵਿੱਚ ਤਬਦੀਲ ਕਰਨ ਕਰਨ ਦੀ ਅਪੀਲ ਕੀਤੀ ਹੈ।
ਪਵਨ ਗੁਪਤਾ ਦੇ ਵਕੀਲ ਏਪੀ ਸਿੰਘ ਨੇ ਅਦਾਲਤ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਨੇ ਆਪਣੀ ਸਜ਼ਾ ਨੂੰ ਤਬਦੀਲ ਕਰਨ ਦੀ ਅਪੀਲ ਕੀਤੀ ਹੈ।
ਇਸ ਅਪੀਲ ਤੋਂ ਬਾਅਦ ਹੁਣ ਇਹ ਸੁਆਲ ਪੈਦਾ ਹੋ ਗਿਆ ਹੈ ਕਿ ਕੀ ਇੱਕ ਵਾਰ ਫਿਰ ਦਿੱਲੀ ਦੇ ਇਨ੍ਹਾਂ ਚਾਰ ਬਲਾਤਕਾਰੀਆਂ ਦੀ ਫਾਂਸੀ ਦੀ ਸਜ਼ਾ ਟਲ਼ ਜਾਵੇਗੀ?
ਚੇਤੇ ਰਹੇ ਕਿ 16 ਦਸੰਬਰ, 2012 ਨੂੰ ਪੈਰਾ–ਮੈਡੀਕਲ ਦੀ ਇੱਕ ਵਿਦਿਆਰਥਣ ਨਾਲ ਛੇ ਜਣਿਆਂ ਨੇ ਬਹੁਤ ਵਹਿਸ਼ੀਆਨਾ ਤਰੀਕੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਫਿਰ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਉਸ ਨੂੰ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ’ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।
ਉਸ ਦਾ ਬਹੁਤ ਇਲਾਜ ਕੀਤਾ ਗਿਆ ਪਰ ਉਹ ਠੀਕ ਨਹੀਂ ਹੋ ਰਹੀ ਸੀ। ਤਦ ਉਸ ਨੂੰ ਸਿੰਗਾਪੁਰ ਭੇਜਿਆ ਗਿਆ ਸੀ; ਜਿੱਥੇ ਉਹ 29 ਦਸੰਬਰ, 2012 ਨੂੰ ਦਮ ਤੋੜ ਗਈ ਸੀ। ਅਦਾਲਤ ਨੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਇੱਕ ਦੋਸ਼ੀ ਰਾਮ ਸਿੰਘ ਪਹਿਲਾਂ ਹੀ ਤਿਹਾੜ ਜੇਲ੍ਹ ਵਿੱਚ ਖ਼ੁਦਕੁਸ਼ੀ ਕਰ ਗਿਆ ਸੀ ਤੇ ਇੱਕ ਨਾਬਾਲਗ਼ ਦੋਸ਼ੀ ਨੂੰ ਤਿੰਨ ਸਾਲ ਬਾਲ–ਸੁਧਾਰ ਘਰ ਵਿੱਚ ਰੱਖ ਕੇ ਰਿਹਾਅ ਕਰ ਦਿੱਤਾ ਗਿਆ ਸੀ।