ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ (POK) ਲਈ ਉਹ ਜਾਨ ਵੀ ਦੇ ਦੇਣਗੇ। ਅੱਜ ਮੰਗਲਵਾਰ ਨੂੰ ਲੋਕ ਸਭਾ ਵਿੱਚ ਜੰਮੂ–ਕਸ਼ਮੀਰ ਪੁਨਰਗਠਨ ਬਿਲ ਪੇਸ਼ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ–ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ; ਇਸ ਨੂੰ ਲੈ ਕੇ ਕੋਈ ਕਾਨੂੰਨੀ ਵਿਵਾਦ ਨਹੀਂ ਹੈ।
ਸ੍ਰੀ ਸ਼ਾਹ ਨੇ ਕਿਹਾ ਕਿ ਭਾਰਤੀ ਸੰਵਿਧਾਨ ਤੇ ਜੰਮੂ–ਕਸ਼ਮੀਰ ਦੇ ਸੰਵਿਧਾਨ ਵਿੱਚ ਇਹ ਬੜਾ ਸਪੱਸ਼ਟ ਲਿਖਿਆ ਗਿਆ ਹੈ। ਜੰਮੂ–ਕਸ਼ਮੀਰ ਬਾਰੇ ਸੰਸਦ ਵਿੱਚ ਕਾਨੂੰਨ ਬਣਾਉਣ ਤੇ ਸੰਕਲਪ ਜਾਂ ਮਤਾ ਪੇਸ਼ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ।
ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਬਹੁਤ ਸਾਰੇ ਮੈਂਬਰਾਂ ਦੇ ਮਨ ਵਿੱਚ ਹੈ ਕਿ ਜਿਹੜਾ ਪ੍ਰਸਤਾਵ ਮੈਂ ਲੈ ਕੇ ਆਇਆ ਹਾਂ, ਉਸ ਦੀ ਸੰਵਿਧਾਨਕ ਵੈਧਤਾ ਕੀ ਹੈ। ਮੈਂ ਇਸ ਸੰਵਿਧਾਨਕ ਸਥਿਤੀ ਸਪੱਸ਼ਟ ਕਰਨੀ ਚਾਹੁੰਦਾ ਹਾਂ।
ਉਨ੍ਹਾਂ ਦੱਸਿਆ ਕਿ ਕੱਲ੍ਹ ਰਾਸ਼ਟਰਪਤੀ ਨੇ ਇੱਕ ਹੁਕਮ ਉੱਤੇ ਹਸਤਾਖਰ ਕੀਤੇ ਹਨ; ਜਿਸ ਅਧੀਨ ਜੰਮੂ–ਕਸ਼ਮੀਰ ਵਿੱਚ ਭਾਰਤੀ ਸੰਵਿਧਾਨ ਲਾਗੂ ਹੋਵੇਗਾ।
ਅੱਜ ਸਦਨ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਤੁਸੀਂ ਮਕਬੂਜ਼ਾ ਕਸ਼ਮੀਰ ਬਾਰੇ ਸੋਚ ਰਹੇ ਹੋ, ਤੁਸੀਂ ਸਾਰੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਇੱਕ ਸੂਬੇ ਨੂੰ ਰਾਤੋ–ਰਾਤ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਬਦਲ ਦਿੱਤਾ।
ਲੋਕ ਸਭਾ ਵਿੱਚ ਅਮਿਤ ਸ਼ਾਹ ਤੇ ਅਧੀਰ ਰੰਜਨ ਵਿਚਾਲੇ ਤਿੱਖੀ ਬਹਿਸ ਵੇਖਣ ਨੂੰ ਮਿਲੀ; ਜਿਸ ਦੌਰਾਨ ਸ੍ਰੀ ਸ਼ਾਹ ਨੇ ਸੁਆਲ ਕੀਤਾ ਕਿ ਕੀ ਕਾਂਗਰਸ ਪਾਰਟੀ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੀ?
ਲੋਕ ਸਭਾ ਦੇ ਮੈਂਬਰਾਂ ਦੇ ਅੰਕੜਿਆਂ ਨੂੰ ਵੇਖੀਏ, ਤਾਂ ਇਸ ਸਦਨ ਵਿੱਚ ਵੀ ਇਹ ਬਿਲ ਪਾਸ ਹੋ ਜਾਵੇਗਾ।