ਕਰਨਾਟਕ ’ਚ ਕਾਂਗਰਸ–ਜੇਡੀਐੱਸ ਸਰਕਾਰ ਕਾਇਮ ਰਹੇਗੀ ਕਿ ਜਾਂ ਉਸ ਨੂੰ ਸੱਤਾ ਤੋਂ ਲਾਂਭੇ ਹੋਣਾ ਪਵੇਗਾ, ਇਸ ਦਾ ਫ਼ੈਸਲਾ ਸੋਮਵਾਰ ਨੂੰ ਵਿਧਾਨ ਸਭਾ ’ਚ ਸ਼ਕਤੀ–ਪਰੀਖਣ ਰਾਹੀਂ ਹੋਵੇਗਾ। ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਵੱਲੋਂ ਪੇਸ਼ ਭਰੋਸੇ ਦੇ ਵੋਟ ਉੱਤੇ ਸਦਨ ਵਿੱਚ ਬਹਿਸ ਹੋਵੇਗੀ। ਉੱਧਰ ਬਾਗ਼ੀ ਵਿਧਾਇਕ ਆਪਣੀ ਅੜੀ ’ਤੇ ਕਾਇਮ ਹਨ।
ਸ੍ਰੀ ਕੁਮਾਰਸਵਾਮੀ ਨੇ ਆਪਣੀ ਸਰਕਾਰ ਬਚਾਉਣ ਲਈ ਆਖ਼ਰੀ ਕੋਸ਼ਿਸ਼ ਵਜੋਂ ਕੱਲ੍ਹ ਐਤਵਾਰ ਨੂੰ ਗੱਠਜੋੜ ਦੇ ਵਿਧਾਇਕਾਂ ਨਾਲ ਬੈਂਗਲੁਰੂ ਦੇ ਤਾਜ ਹੋਟਲ ਵਿੱਚ ਮੀਟਿੰਗ ਕੀਤੀ। ਉੱਧਰ ਭਾਜਪਾ ਆਗੂ ਬੀਐੱਸ ਯੇਦੀਯੁਰੱਪਾ ਨੇ ਮੁੜ ਆਖਿਆ ਕਿ ਸੋਮਵਾਰ ਨੂੰ ਗੱਠਜੋੜ ਸਰਕਾਰ ਦਾ ਆਖ਼ਰੀ ਦਿਨ ਹੋਵੇਗਾ।
ਇਸ ਦੌਰਾਨ ਮੁੰਬਈ ’ਚ ਆਪਣੇ ਇੱਕ ਸਟੈਂਡ ’ਤੇ ਜੰਮੇ ਬੈਠੇ ਬਾਗ਼ੀ ਵਿਧਾਇਕਾਂ ਨੇ ਹੋਰ ਵੀ ਸਖ਼ਤ ਰਵੱਈਆ ਅਪਣਾਉਂਦਿਆਂ ਆਖਿਆ ਕਿ ਉਹ ਕਾਂਗਰਸ–ਜੇਡੀਐੱਸ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਤੇ ਆਪਣੇ ਫ਼ੈਸਲੇ ਉੱਤੇ ਪੂਰੀ ਤਰ੍ਹਾਂ ਕਾਇਮ ਹਨ।
ਉਨ੍ਹਾਂ ਕਿਹਾ ਕਿ ਅਸੀਂ ਇੱਥੇ ਪੈਸੇ ਜਾਂ ਕਿਸੇ ਹੋਰ ਚੀਜ਼ ਦੇ ਲਾਲਚ ਵਿੱਚ ਨਹੀਂ ਆਏ ਹਾਂ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਇਸ ਰਵੱਈਏ ਪਿੱਛੇ ਭਾਜਪਾ ਦੀ ਕੋਈ ਭੂਮਿਕਾ ਨਹੀਂ ਹੈ। ਇੱਕ ਵਾਰ ਸਭ ਕੁਝ ਠੀਕ ਹੋ ਜਾਵੇ, ਤਾਂ ਉਹ ਬੈਂਗਲੁਰੂ ਪਰਤ ਜਾਣਗੇ।
ਉੱਧਰ ਦੋ ਆਜ਼ਾਦ ਵਿਧਾਇਕ ਸੁਪਰੀਮ ਕੋਰਟ ਚਲੇ ਗਏ ਹਨ। ਦੋਵਾਂ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਹ ਕਰਨਾਟਕ ਸਰਕਾਰ ਨੂੰ ਹਦਾਇਤ ਦੇਵੇ ਕਿ ਉਹ ਸੋਮਵਾਰ ਨੂੰ ਕਿਸੇ ਵੀ ਹਾਲਤ ਵਿੱਚ ਬਹੁਮੱਤ ਸਿੱਧ ਕਰੇ।
ਬਹੁਜਨ ਸਮਾਜ ਪਾਰਟੀ ਦੇ ਮੁਖੀ ਕੁਮਾਰੀ ਮਾਇਆਵਤੀ ਨੇ ਟਵੀਟ ਕਰ ਕੇ ਆਪਣੇ ਇਕਲੌਤੇ ਵਿਧਾਇਕ ਐੱਨ. ਮਹੇਸ਼ ਨੂੰ ਭਰੋਸੇ ਦੇ ਪ੍ਰਸਤਾਵ ਦੌਰਾਨ ਸਰਕਾਰ ਦੇ ਹੱਕ ਵਿੱਚ ਵੋਟ ਦੇਣ ਲਈ ਆਖਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਮਹੇਸ਼ ਬਹੁਮੱਤ ਦੇ ਇਸ ਪਰੀਖਣ ਵਿੱਚ ਸ਼ਾਮਲ ਨਹੀਂ ਹੋਣਗੇ।