ਭਾਰਤ ਦੀ ਰਾਜਧਾਨੀ ਦਿੱਲੀ ’ਚ ਪ੍ਰਦੂਸ਼ਣ ਦੇ ਵਧਦੇ ਜਾ ਰਹੇ ਪੱਧਰ ਦੇ ਮੱਦੇਨਜ਼ਰ ਲਾਗੂ ਕੀਤੀ ਗਈ ਆੱਡ–ਈਵਨ (ਟੌਂਕ–ਜਿਸਤ) ਯੋਜਨਾ ਦਾ ਅੱਜ ਆਖ਼ਰੀ ਦਿਨ ਹੈ। ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਵਾ ਦੇ ਮਿਆਰ ਨੂੰ ਵੇਖਦਿਆਂ ਇਹ ਆਖਿਆ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਵੱਲੋਂ ਆੱਡ–ਈਵਨ ਦੀ ਮਿਆਦ ਵਧਾਈ ਜਾ ਸਕਦੀ ਹੈ।
ਉਂਝ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆੱਡ–ਈਵਨ ਦੀ ਮਿਆਦ ਵਧਾਈ ਜਾਵੇਗੀ ਜਾਂ ਨਹੀ਼, ਇਸ ਬਾਰੇ ਫ਼ੈਸਲਾ ਸੋਮਵਾਰ ਨੂੰ ਲਿਆ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਅਗਲੇ ਦੋ ਦਿਨਾਂ ’ਚ ਹਵਾ ਕੁਝ ਸਾਫ਼ ਹੋਣ ਦੇ ਆਸਾਰ ਹਨ। ਇੰਝ ਉਹ ਜ਼ਬਰਦਸਤੀ ਦਿੱਲੀ ਵਾਸੀਆਂ ’ਤੇ ਆੱਡ–ਈਵਨ ਨੂੰ ਠੋਸਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਜੇ ਅਗਲੇ ਦੋ ਦਿਨਾਂ ’ਚ ਹਾਲਾਤ ਨਾ ਸੁਧਰੇ, ਤਾਂ ਸੋਮਵਾਰ ਨੁੰ ਆੱਡ–ਈਵਨ ਬਾਰੇ ਫ਼ੈਸਲਾ ਲਿਆ ਜਾਵੇਗਾ।
ਸ੍ਰੀ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ–ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਪਰਾਲ਼ੀ ਦਾ ਸਾੜਨਾ ਹੈ। ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ’ਚ ਸੈਪਟਿਕ ਟੈਂਕਾਂ ਦੀ ਸਫ਼ਾਈ ਲਈ ਇੱਕ ਨਵੀਂ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ; ਜਿਸ ਅਧੀਨ ਇੱਕ ਟਰੱਕ ਆਵੇਗਾ ਤੇ ਟੈਂਕ ਦੀ ਸਫ਼ਾਈ ਕਰਵਾਈ ਜਾ ਸਕਦੀ ਹੈ।
ਅੱਜ ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ’ਚ ਸਵੇਰੇ 11:30 ਵਜੇ ਹਵਾ ਦਾ ਮਿਆਰ ਸੂਚਕ–ਅੰਕ 466 ਉੱਤੇ ਗੰਭੀਰ ਸ਼੍ਰੇਣੀ ਵਿੱਚ ਰਿਹਾ ਤੇ ਦਿੱਲੀ ’ਚ ਲਗਾਤਾਰ ਚੌਥੇ ਦਿਨ ਜ਼ਹਿਰੀਲੀ ਧੁੰਦ ਦੀ ਚਾਦਰ ਛਾਈ ਰਹੀ। ਇਸ ਕਾਰਨ ਲੋਕਾਂ ਦੇ ਗਲ਼ੇ ਖ਼ਰਾਬ ਹੋ ਰਹੇ ਹਨ, ਅੱਖਾਂ ਵਿੱਚ ਖਾਰਸ਼ ਜਿਹੀ ਹੋਣ ਲੱਗਦੀ ਹੈ ਤੇ ਸਾਹ ਲੈਣ ਵਿੱਚ ਔਖ ਆਉਂਦੀ ਹੈ। ਇਸ ਤੋਂ ਇਲਾਵਾ ਸੁੱਕੀ ਖੰਘ ਜਿਹੀਆਂ ਔਕੜਾਂ ਨਾਲ ਵੀ ਜੂਝਣਾ ਪੈ ਰਿਹਾ ਹੈ।
ਇਸ ਦੌਰਾਨ ਕੱਲ੍ਹ ਬਾਲ–ਦਿਵਸ ਮੌਕੇ ਕਈ ਬੱਚਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੂੰ ਹਵਾ ਦਾ ਪ੍ਰਦੂਸ਼ਣ ਘਟਾਉਣ ਦੇ ਉਪਾਅ ਕਰਨ ਦੀ ਬੇਨਤੀ ਕੀਤੀ ਸੀ।