ਭਾਰਤ ਦੇ ਉੱਪ–ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਦੇ ਦਫ਼ਤਰ ਨੇ ਕਿਹਾ ਹੈ ਕਿ ਉਸ ਕੋਲ ਸ੍ਰੀ ਨਾਇਡੂ ਦੇ ਕਰਤਾਰਪੁਰ ਸਾਹਿਬ ਜਾਣ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਉੱਪ–ਰਾਸ਼ਟਰਪਤੀ ਦੇ ਦਫ਼ਤਰ ਨੂੰ ਇਹ ਜਾਣਕਾਰੀ ਨਾ ਹੋਣਾ ਇਸ ਲਈ ਹੈਰਾਨਕੁੰਨ ਹੈ ਕਿਉਂਕਿ ਹਾਲੇ ਦੋ ਕੁ ਦਿਨ ਪਹਿਲਾਂ ਹੀ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਐਲਾਨ ਕੀਤਾ ਸੀ ਕਿ 9 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਦੀ ਅਗਵਾਈ ਦੇਸ਼ ਦੇ ਉੱਪ–ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਕਰਨਗੇ।
ਸ੍ਰੀ ਵੈਂਕਈਆ ਨਾਇਡੂ ਕੱਲ੍ਹ ਹੈਦਰਾਬਾਦ ’ਚ ਸਨ, ਜਿਸ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਉਹ ਸੋਮਵਾਰ ਨੂੰ ਦਿੱਲੀ ਪਰਣਗੇ। ਉੱਪ–ਰਾਸ਼ਟਰਪਤੀ ਨਾਲ ਇਸ ਵੇਲੇ ਹੈਦਰਾਬਾਦ ’ਚ ਮੌਜੂਦ ਇੱਕ ਹੋਰ ਸਟਾਫ਼ ਮੈਂਬਰ ਨੇ ਵੀ ਦੱਸਿਆ ਕਿ ਉਨ੍ਹਾਂ ਨੂੰ ਵੀ ਸ੍ਰੀ ਨਾਇਡੂ ਦੇ ਕਰਤਾਰਪੁਰ ਸਾਹਿਬ ਜਾਣ ਦੇ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਚੇਤੇ ਰਹੇ ਕਿ ਆਉਂਦੀ 9 ਨਵੰਬਰ ਨੂੰ ਪਹਿਲਾ ਜੱਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾ ਰਿਹਾ ਹੈ। ਅਧਿਕਾਰੀ ਨੇ ਇੰਨਾ ਜ਼ਰੂਰ ਦੱਸਿਆ ਕਿ ਆਉਂਦੀ 6 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਇੱਕ–ਦਿਨਾ ਵਿਸ਼ੇਸ਼ ਸੈਸ਼ਨ ਹੋਣਾ ਹੈ। ਉਸ ਸੈਸ਼ਨ ਨੂੰ ਉੱਪ ਰਾਸ਼ਟਰਪਤੀ ਨੇ ਸੰਬੋਧਨ ਕਰਨਾ ਹੈ।
ਉੱਪ–ਰਾਸ਼ਟਰਪਤੀ ਦਫ਼ਤਰ ਦੇ ਪ੍ਰਸ਼ਾਸਨ ਤੇ ਟੂਰਜ਼ ਬਾਰੇ ਸੰਯੁਕਤ ਸਕੱਤਰ ਅਸ਼ੋਕ ਦੀਵਾਨ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਵੈਂਕਈਆ ਨਾਇਡੂ ਦੇ ਕਰਤਾਰਪੁਰ ਸਾਹਿਬ ਜਾਣ ਦੇ ਪ੍ਰੋਗਰਾਮ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ‘ਜੇ ਅਜਿਹਾ ਕੋਈ ਪ੍ਰੋਗਰਾਮ ਹੁੰਦਾ, ਤਾਂ ਮੈਨੂੰ ਜ਼ਰੂਰ ਪਤਾ ਹੋਣਾ ਸੀ। ਜਦੋਂ ਵੀ ਕਦੇ ਅਜਿਹਾ ਕੋਈ ਪ੍ਰੋਗਰਾਮ ਹੋਇਆ, ਤਾਂ ਮੈਂ ਤੁਹਾਨੂੰ ਉਸ ਬਾਰੇ ਜ਼ਰੂਰ ਦੱਸ ਦੇਵਾਂਗਾ।